ਲੰਡਨ : ਬ੍ਰਿਟਿਸ਼ ਏਅਰਵੇਜ਼ ਨੇ ਏਅਰ ਲਾਈਨ ਤੇ ਪਾਇਲਟ ਯੂਨੀਅਨ ਵਿਚਕਾਰ ਤਨਖਾਹ ਮਾਮਲੇ ਸਬੰਧੀ ਪਾਇਲਟਾਂ ਦੇ ਹੜਤਾਲ ‘ਤੇ ਚਲੇ ਜਾਣ ਤੋਂ ਬਾਅਦ ਸੋਮਵਾਰ ਅਤੇ ਮੰਗਲਵਾਰ ਲਈ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤੀਆਂ ਹਨ। ਬ੍ਰਿਟਿਸ਼ ਏਅਰ ਲਾਈਨ ਪਾਇਲਟਸ ਐਸੋਸੀਏਸ਼ਨ ਨੇ ਟਵਿੱਟਰ ‘ਤੇ ਲਿਖਿਆ ਕਿ ਉਨ੍ਹਾਂ ਦੁਆਰਾ ਬ੍ਰਿਟਿਸ਼ ਏਅਰਲਾਈਨ ਮੈਨਨੇਜਮੈਂਟ ਨੂੰ ਪਿਛਲੇ ਬੁੱਧਵਾਰ ਨੂੰ ਇੱਕ ਪ੍ਰਸਤਾਵ ਪੇਸ਼ ਕੀਤਾ ਜਿਸਦਾ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ।
ਟਵੀਟ ਦੇ ਜਵਾਬ ਵਿਚ ਬ੍ਰਿਟਿਸ਼ ਏਅਰਵੇਜ਼ ਨੇ ਅੱਜ ਇਕ ਬਿਆਨ ਵਿਚ ਕਿਹਾ ਕਿ ਉਹ ਗੱਲਬਾਤ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਉਹ ਪਾਈਲਟ ਅੇਸੋਸੀਏਸ਼ਨ ਦੀ ਚਿੰਤਾ ਨੂੰ ਸਮਝਦੇ ਹਨ। ਉਨ੍ਹਾਂ ਲਿਖਿਆ ਕਿ ਹੜਤਾਲ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਉਡਾਣਾਂ ਨੂੰ ਰੱਦ ਕਰਨਾ ਪਿਆ, ਕਿਉਂਕਿ ਬੀ.ਏ.ਐਲ.ਪੀ.ਏ ਵੱਲੋਂ ਕੁਝ ਨਹੀਂ ਦੱਸਿਆ ਗਿਆ ਜਿਸ ‘ਤੇ ਪਾਇਲਟ ਹੜਤਾਲ ਕਰਨਗੇ। ਏਅਰਲਾਈਨ ਦੇ ਬਿਆਨ ‘ਚ ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਗ੍ਰਾਹਕਾਂ ਨੇ ਸੋਮਵਾਰ ਅਤੇ ਮੰਗਲਵਾਰ ਲਈ ਉਡਾਣਾਂ ਬੁੱਕ ਕੀਤੀਆਂ ਸਨ ਉਹ ਸੰਭਾਵਤ ਤੌਰ ਯੋਜਨਾ ਅਨੁਸਾਰ ਯਾਤਰਾ ਨਹੀਂ ਕਰ ਸਕਣਗੇ।
ਪਾਇਲਟ ਯੂਨੀਅਨ ਦੇ ਮੈਂਬਰਾਂ ਨੇ ਜੁਲਾਈ ਵਿੱਚ ਹੜਤਾਲ ਦੇ ਹੱਕ ਵਿੱਚ 93 ਫ਼ੀਸਦੀ ਵੋਟ ਪਾਈ। ਬੀ.ਏ.ਐਲ.ਪੀ.ਏ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਜੇ ਬ੍ਰਿਟਿਸ਼ ਏਅਰਵੇਜ਼ ਗੱਲਬਾਤ ਕਰਨ ਲਈ ਰਾਜ਼ੀ ਹੁੰਦੀ ਹੈ ਤਾਂ ਉਹ ਹੜਤਾਲ ਰੱਦ ਕਰਨ ਲਈ ਤਿਆਰ ਹੋਣਗੇ। ਯੂਨੀਅਨ ਨੇ ਹੜਤਾਲ ਕਰਨ ਦੇ ਕਾਰਨ ਤਨਖਾਹਾਂ ਵਿੱਚ ਕਟੌਤੀ ਅਤੇ ਸਾਲਾਨਾ ਛੁੱਟੀ ਵਾਲੇ ਦਿਨ ਗੁਆਉਣ ਵਰਗੇ ਮੁੱਦਿਆਂ ਦਾ ਹਵਾਲਾ ਦਿੱਤਾ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹੜਤਾਲ ਨਾਲ ਏਅਰ ਲਾਈਨ ਨੂੰ ਲਗਭਗ 147 ਮਿਲੀਅਨ ਡਾਲਰ ਦਾ ਨੁਕਸਾਨ ਚੁੱਕਣਾ ਪਏਗਾ।