ਬ੍ਰਾਜ਼ੀਲ ਦੇ ਸਾਬਕਾ ਸਟਾਰ ਫੁਟਬਾਲਰ ਰੋਨਾਲਡਿਨ੍ਹੋ ਅਤੇ ਉਸ ਦੇ ਭਰਾ ਨੂੰ ਫ਼ਰਜ਼ੀ ਦਸਤਾਵੇਜ਼ਾਂ ਸਹਾਰੇ ਪੈਰਾਗੁਏ ਵਿੱਚ ਦਾਖ਼ਲ ਹੋਣ ਦੇ ਦੋਸ਼ ਵਿੱਚ ਅਸੰਨਸ਼ਨ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਪੈਰਾਗੁਏ ਦੇ ਇੱਕ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਮੰਤਰਾਲੇ ਨੇ ਟਵੀਟ ਕੀਤਾ, ‘‘ਅਟਾਰਨੀ ਜਨਰਲ ਦੇ ਦਫ਼ਤਰ ਨੇ ਉਸ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤਾ ਹੈ। ਰੋਨਾਲਡਿਨ੍ਹੋ ’ਤੇ ਦਸਤਾਵੇਜ਼ਾਂ ਵਿੱਚ ਗ਼ਲਤ ਜਾਣਕਾਰੀ ਦੇਣ ਦਾ ਦੋਸ਼ ਹੈ।’’ ਰੋਨਾਲਡਿਨ੍ਹੋ ਅਤੇ ਉਸ ਦਾ ਭਾਈ ਰੌਬਰਟੋ ਡੀ ਐਸਿਸ ਮੌਰੇਰਾ ਅਦਾਲਤ ’ਚੋਂ ਸ਼ੁੱਕਰਵਾਰ ਰਾਤ ਨੂੰ ਅੱਠ ਵਜ ਕੇ 15 ਮਿੰਟ ’ਤੇ ਬਾਹਰ ਨਿਕਲੇ ਸਨ, ਪਰ ਇਸ ਦੇ ਦੋ ਘੰਟਿਆਂ ਦੇ ਅੰਦਰ ਹੀ ਉਸ ਨੂੰ ਨੈਸ਼ਨਲ ਪੁਲੀਸ ਹੈੱਡਕੁਆਰਟਰ ਵਿੱਚ ਲਿਜਾਇਆ ਗਿਆ।
ਇਨ੍ਹਾਂ ਦੋਵਾਂ ਭਰਾਵਾਂ ਦੇ ਵਕੀਲ ਅਡੋਲਫੋ ਮਾਰਿਨ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਉਨ੍ਹਾਂ ਨੂੰ ਕਿਉਂ ਗ੍ਰਿਫ਼ਤਾਰ ਕੀਤਾ ਗਿਆ। ਮਾਰਿਨ ਨੇ ਕਿਹਾ, ‘‘ਸਾਨੂੰ ਨਹੀਂ ਪਤਾ ਕਿ ਕਿਸ ਅਧਿਕਾਰ ਤਹਿਤ ਉਨ੍ਹਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ।’’ ਇਸ ਤੋਂ ਪਹਿਲਾਂ ਵੀਰਵਾਰ ਨੂੰ ਅਸੰਨਸ਼ਨ ਵਿੱਚ ਸਰਕਾਰੀ ਵਕੀਲ ਨੇ ਦੋਵਾਂ ਭਰਾਵਾਂ ਤੋਂ ਸੱਤ ਘੰਟੇ ਤੱਕ ਪੁੱਛਗਿੱਛ ਕੀਤੀ ਸੀ।
ਦੱਸਣਯੋਗ ਹੈ ਕਿ ਬ੍ਰਾਜ਼ੀਲੀ ਅਥਾਰਿਟੀ ਨੇ ਨਵੰਬਰ 2018 ਵਿੱਚ ਰੋਨਾਲਡਿਨ੍ਹੋ ਦਾ ਪਾਸਪੋਰਟ ਵਾਪਸ ਲੈ ਲਿਆ ਸੀ ਕਿਉਂਕਿ ਉਸ ਨੇ ਇੱਕ ਇਮਾਰਤ ਦੀ ਉਸਾਰੀ ਦੌਰਾਨ ਵਾਤਾਵਰਨ ਨੂੰ ਪੁੱਜੇ ਨੁਕਸਾਨ ਲਈ ਜੁਰਮਾਨਾ ਅਦਾ ਨਹੀਂ ਕੀਤਾ ਸੀ।
ਲੋੜਵੰਦ ਬੱਚਿਆਂ ਲਈ ਬਣੀ ਇੱਕ ਫਾਊਂਡੇਸ਼ਨ ਨੇ ਰੋਨਾਲਡਿਨ੍ਹੋ ਨੂੰ ਪੈਰਾਗੁਏ ਦੀ ਰਾਜਧਾਨੀ ਵਿੱਚ ਇੱਕ ਪ੍ਰੋਗਰਾਮ ਲਈ ਸੱਦਿਆ ਸੀ। ਵਿਸ਼ਵ ਕੱਪ ਜੇਤੂ ਫੁਟਬਾਲਰ ਅਤੇ ਉਸ ਦੇ ਭਰਾ ਨੂੰ ਬੁੱਧਵਾਰ ਨੂੰ ਉਨ੍ਹਾਂ ਦੇ ਹੋਟਲ ’ਚੋਂ ਹਿਰਾਸਤ ਵਿੱਚ ਲਿਆ ਗਿਆ ਸੀ। ਦੋਵਾਂ ਕੋਲੋਂ ਕਰੀਬ ਸੱਤ ਘੰਟੇ ਪੁੱਛਗਿੱਛ ਕੀਤੀ ਗਈ। ਜਾਂਚ ਵਿਚ ਸਾਹਮਣੇ ਆਇਆ ਕਿ ਇੱਕ ਬ੍ਰਾਜ਼ੀਲੀ ਕਾਰੋਬਾਰੀ ਨੇ ਸਾਬਕਾ ਫੁਟਬਾਲਰ ਨੂੰ ਫ਼ਰਜ਼ੀ ਪਾਸਪੋਰਸਟ ਮੁਹੱਈਆ ਕਰਵਾਇਆ ਸੀ।
Sports ਬ੍ਰਾਜ਼ੀਲ ਦਾ ਸਾਬਕਾ ਫੁਟਬਾਲਰ ਰੋਨਾਲਡਿਨ੍ਹੋ ਗ੍ਰਿਫ਼ਤਾਰ