ਬੋਰਿਸ ਨੇ ਬ੍ਰੈਗਜ਼ਿਟ ਦੀ ਹਮਾਇਤ ਕਰਨ ਵਾਲੇ ਵਿਰੋਧੀ ਨੂੰ ਪੱਖ ’ਚ ਕੀਤਾ

ਬਰਤਾਨਵੀ ਲੀਡਰਸ਼ਿਪ ਲਈ ਪਸੰਦੀਦਾ ਆਗੂ ਬੋਰਿਸ ਜੌਹਨਸਨ ਨੇ ਬ੍ਰੈਗਜ਼ਿਟ ਦੇ ਹੱਕ ਵਿਚ ਖੜ੍ਹੇ ਆਪਣੇ ਇਕ ਅਹਿਮ ਵਿਰੋਧੀ ਦੀ ਹਮਾਇਤ ਹਾਸਲ ਕਰ ਲਈ ਹੈ। ਹਾਲਾਂਕਿ ਨਾਲ ਹੀ ਜੌਹਨਸਨ ’ਤੇ ਇਹ ਵੀ ਦੋਸ਼ ਲਾਏ ਜਾ ਰਹੇ ਹਨ ਕਿ ਉਨ੍ਹਾਂ ਯੂਰੋਪੀਅਨ ਯੂਨੀਅਨ ਛੱਡਣ ਬਾਰੇ ਆਪਣੀ ਸੁਰ ਕੁਝ ਨਰਮ ਕਰ ਲਈ ਹੈ। ਬਰਤਾਨਵੀ ਸੰਸਦ ਵਿਚ ਵੋਟਿੰਗ ਦੇ ਇਕ ਹੋਰ ਗੇੜ ਤੋਂ ਪਹਿਲਾਂ ਸਾਬਕਾ ਬ੍ਰੈਗਜ਼ਿਟ ਸਕੱਤਰ ਡੌਮੀਨਿਕ ਰਾਬ ਨੇ ਕਿਹਾ ਕਿ ਜੌਹਨਸਨ ‘ਇਕੱਲਾ ਅਜਿਹਾ ਉਮੀਦਵਾਰ’ ਹੈ ਜੋ ਕਿ ਮਿੱਥੀ 31 ਅਕਤੂਬਰ ਤੱਕ ਯੂਰੋਪੀਅਨ ਯੂਨੀਅਨ ਤੋਂ ਬਰਤਾਨੀਆ ਨੂੰ ਵੱਖ ਕਰ ਸਕਦਾ ਹੈ। ਰਾਬ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਦੀ ਜਗ੍ਹਾ ਲੈਣ ਲਈ ਜੱਦੋਜਹਿਦ ਕਰ ਰਹੇ ਉਮੀਦਵਾਰਾਂ ਵਿਚ ਸ਼ਾਮਲ ਸੀ ਤੇ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਦੀ ਦੌੜ ਵਿਚ ਵੀ ਉਹ ਸ਼ਾਮਲ ਸੀ। ਹੁਣ ਉਸ ਨੂੰ ਹਟਾਏ ਜਾਣ ਮਗਰੋਂ ਪੰਜ ਉਮੀਦਵਾਰ ਹੀ ਬਾਕੀ ਰਹਿ ਗਏ ਹਨ। ਇਨ੍ਹਾਂ ਵਿਚੋਂ ਵੀ ਇਕ ਹੋਰ ਨੂੰ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਚੋਣ ਰਾਹੀਂ ਬਾਹਰ ਕਰ ਦੇਣਗੇ। ਭਲਕੇ ਹੋਣ ਵਾਲੀ ਚੋਣ ਵਿਚ ਆਖ਼ਰੀ ਉਮੀਦਵਾਰਾਂ ਦਾ ਫ਼ੈਸਲਾ ਹੋਵੇਗਾ। ਸਾਬਕਾ ਵਿਦੇਸ਼ ਮੰਤਰੀ ਜੌਹਨਸਨ ਜੋ ਕਿ ਲੰਡਨ ਦੇ ਮੇਅਰ ਵੀ ਰਹੇ ਹਨ, ਨੂੰ 313 ਟੋਰੀ ਪਾਰਟੀ ਸੰਸਦ ਮੈਂਬਰਾਂ ਵਿਚੋਂ 126 ਦੀ ਹਮਾਇਤ ਹਾਸਲ ਹੈ।

Previous articleਦਿਮਾਗ਼ੀ ਬੁਖਾਰ: ਮੌਤਾਂ ਦੀ ਗਿਣਤੀ 113 ਹੋਈ
Next articleਟਰੰਪ ਵੱਲੋਂ 2020 ਦੀ ਚੋਣ ਲਈ ਮੁਹਿੰਮ ਦਾ ਆਗਾਜ਼