ਲੰਡਨ (ਸਮਾਜ ਵੀਕਲੀ) : ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਵਿਵਾਦਤ ਬਿੱਲ ਨੇ ਸੰਸਦ ਦਾ ਪਹਿਲਾ ਅੜਿੱਕਾ ਪਾਰ ਕਰ ਲਿਆ ਹੈ ਤੇ ਹਾਊਸ ਆਫ ਕਾਮਨਜ਼ ’ਚ ਇਸ ਬਿੱਲ ਦੇ ਹੱਕ ’ਚ 340 ਤੇ ਵਿਰੋਧ ’ਚ 263 ਵੋਟਾਂ ਪਈਆਂ। ਪ੍ਰਧਾਨ ਮੰਤਰੀ ਦਾ ਇਹ ਬਿੱਲ ਯੋਰਪੀ ਯੂਨੀਅਨ ਤੇ ਬਰਤਾਨੀਆ ਵਿਚਾਲੇ ਬ੍ਰੈਗਜ਼ਿਟ ਸਮਝੌਤੇ ਦੇ ਕੁਝ ਹਿੱਸਿਆਂ ਦੀ ਉਲੰਘਣਾ ਕਰਦਾ ਹੈ।
ਅੰਦਰੂਨੀ ਬਾਜ਼ਾਰ ਬਿੱਲ ਦਾ ਵਿਰੋਧੀ ਧਿਰਾਂ ਅਤੇ ਜੌਹਨਸਨ ਦੀ ਆਪਣੀ ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਮੈਂਬਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਸਰਕਾਰ ਦਾ ਕਹਿਣਾ ਹੈ ਕਿ ਜੇਕਰ ਭਵਿੱਖ ’ਚ ਯੋਰਪੀ ਯੂਨੀਅਨ ਨਾਲ ਕਾਰੋਬਾਰੀ ਸਮਝੌਤੇ ਬਾਰੇ ਚੱਲ ਰਹੀ ਵਾਰਤਾ ਸਫ਼ਲ ਨਹੀਂ ਹੁੰਦੀ ਤਾਂ ਇਹ ਬਿੱਲ ਉੱਤਰੀ ਆਇਰਲੈਂਡ ਤੇ ਬਾਕੀ ਬਰਤਾਨੀਆ ਨੂੰ ਸੁਰੱਖਿਆ ਪ੍ਰਦਾਨ ਕਰੇਗਾ ਜਦਕਿ ਵਿਰੋਧੀ ਧਿਰਾਂ ਨੇ ਚਿਤਾਵਨੀ ਦਿੱਤੀ ਸੀ ਕਿ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਾਰਨ ਬਰਤਾਨੀਆ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ।