ਨਕਲ ਵਿਰੋਧ ਅਧਿਆਪਕ ਫਰੰਟ ਨੇ ਇੱਥੋਂ ਦੇ ਆਲਮਗੀਰ ਇਲਾਕੇ ’ਚ 12ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦੌਰਾਨ ਸਕੂਲ ’ਚ ਡਿਪਟੀ ਸੁਪਰਡੈਂਟ ਨਾ ਲਗਾਉਣ ਦਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਹੈ। ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ, ਪੰਜਾਬ ਸਕੂਲ ਬੋਰਡ ਦੇ ਚੇਅਰਮੈਨ ਅਤੇ ਡੀਈਓ ਸੈਕੰਡਰੀ ਦੇ ਨਾਂ ਭੇਜੇ ਪੱਤਰ ’ਚ ਫਰੰਟ ਦੇ ਪ੍ਰਧਾਨ ਸੁਖਦਰਸ਼ਨ ਸਿੰਘ ਨੇ ਦੱਸਿਆ ਕਿ ਸ.ਸ.ਸ.ਸ., ਆਲਮਗੀਰ ਵਿਚ 12ਵੀਂ ਜਮਾਤ ਦੇ ਪੰਜਾਬੀ ਦੇ ਪੇਪਰ ਦੌਰਾਨ ਸਕੂਲ ਪ੍ਰਿੰਸੀਪਲ/ਕੰਟਰੋਲਰ ਵੱਲੋਂ ਸੁਪਰਡੈਂਟ ਦੇ ਕਹਿਣ ’ਤੇ ਵੀ ਸਕੂਲ ਵਿੱਚ ਕਥਿਤ ਤੌਰ ’ਤੇ ਡਿਪਟੀ ਸੁਪਰਡੈਂਟ ਨਹੀਂ ਲਾਇਆ ਗਿਆ। ਉਨ੍ਹਾਂ ਦੱਸਿਆ ਕਿ ਸਕੂਲ ਦੇ ਤਿੰਨ ਕਮਰਿਆਂ ਨੂੰ ਪੰਜਾਬੀ ਦੇ ਪੇਪਰ ਸਮੇਂ ਪ੍ਰੀਖਿਆਂ ਕੇਂਦਰ ਵਜੋਂ ਵਰਤਿਆ ਗਿਆ ਹੈ। ਇਸ ਕੇਂਦਰ ’ਚ ਓਪਨ ਸਕੂਲ ਅਤੇ ਪ੍ਰਾਈਵੇਟ ਸਕੂਲਾਂ ਦੇ ਕਰੀਬ 68 ਵਿਦਿਆਰਥੀ ਪੇਪਰ ਦੇ ਰਹੇ ਸਨ। ਫਰੰਟ ਦੇ ਪ੍ਰਧਾਨ ਨੇ ਇਹ ਵੀ ਦੋਸ਼ ਲਾਇਆ ਕਿ ਪ੍ਰੀਖਿਆ ਕੇਂਦਰ ਕੰਟਰੋਲਰ ਕਥਿਤ ਤੌਰ ’ਤੇ ਪ੍ਰਾਈਵੇਟ ਸਕੂਲਾਂ ਦੀ ਮਿਲੀਭੁਗਤ ਨਾਲ ਨਕਲ ਨੂੰ ਬੜ੍ਹਾਵਾ ਦੇ ਰਹੀ ਹੈ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜਿਹੜਾ ਵੀ ਅਮਲਾ/ਅਧਿਕਾਰੀ ਸਰਕਾਰ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਬੱਚਿਆਂ ਨੂੰ ਨਕਲ ਕਰਨ ਲਈ ਉਤਸ਼ਾਹਿਤ ਕਰਦੇ ਹਨ, ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸਬੰਧਤ ਸਕੂਲ ’ਚ ਨਕਲ ਨੂੰ ਰੋਕਣ ਲਈ ਡਿਪਟੀ ਸੁਪਰਡੈਂਟ ਤਾਇਨਾਤ ਕਰਨ ਦੀ ਵੀ ਅਪੀਲ ਕੀਤੀ। ਸੁਖਦਰਸ਼ਨ ਸਿੰਘ ਨੇ ਦੱਸਿਆ ਕਿ ਫਰੰਟ ਵੱਲੋਂ ਬੋਰਡ ਦੀਆਂ ਪ੍ਰੀਖਿਆਵਾਂ ਵਿੱਚੋਂ ਨਕਲ ਨੂੰ ਪੂਰੀ ਤਰ੍ਹਾਂ ਰੋਕਣ ਲਈ ਪਹਿਲਾਂ ਹੀ ਸ਼ਿਕਾਇਤ ਕੇਂਦਰ ਸਥਾਪਤ ਕੀਤਾ ਹੋਇਆ ਹੈ। ਪ੍ਰੀਖਿਆਵਾਂ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਲਈ 8070900010 ਤੇ 95018-01000 ਆਦਿ ਨੰਬਰਾਂ ’ਤੇ 24 ਘੰਟੇ ਸੰਪਰਕ ਕੀਤਾ ਜਾ ਸਕਦਾ ਹੈ। ਸਕੂਲ ’ਚ ਸੁਪਰਡੈਂਟ ਵਜੋਂ ਡਿਊਟੀ ਦੇ ਰਹੇ ਬਲਵਿੰਦਰ ਸਿੰਘ ਨੇ ਮੰਨਿਆ ਕਿ ਉਨ੍ਹਾਂ ਨੂੰ ਕੇਂਦਰ ’ਚ ਕੋਈ ਜ਼ਿਆਦਾ ਮੁਸ਼ਕਲ ਪੇਸ਼ ਨਹੀਂ ਆਈ। ਉਨ੍ਹਾਂ ਨੇ ਪ੍ਰਿੰਸੀਪਲ/ਕੰਟਰੋਲ ਨੂੰ ਡਿਪਟੀ ਸੁਪਰਡੈਂਟ ਲਈ ਆਖਿਆ ਸੀ ਪਰ ਉਨ੍ਹਾਂ ਦਾ ਕਹਿਣਾ ਸੀ ਕਿ ਨਿਯਮਾਂ ਅਨੁਸਾਰ 75 ਵਿਦਿਆਰਥੀਆਂ ਤੋਂ ਵੱਧ ਵਾਲੇ ਕੇਂਦਰ ’ਚ ਅਜਿਹਾ ਸੰਭਵ ਹੋ ਸਕਦਾ ਹੈ। ਪਰ ਦੂਜੇ ਪਾਸੇ ਘੱਟੋ ਘੱਟ ਕਿੰਨੇ ਵਿਦਿਆਰਥੀ ਹੋਣੇ ਚਾਹੀਦੇ ਹਨ, ਬਾਰੇ ਕੁਝ ਸਪੱਸ਼ਟ ਨਹੀਂ ਹੈ। ਸੁਪਰਡੈਂਟ ਨੇ ਇਹ ਵੀ ਕਿਹਾ ਕਿ ਇਸ ਸਕੂਲ ’ਚ ਬਹੁਤੇ ਬੱਚੇ ਕੰਪਾਰਟਮੈਂਟ ਵਾਲੇ ਹੋਣ ਕਰਕੇ ਕਈ ਵਾਰ ਵਿਦਿਆਰਥੀਆਂ ਦੀ ਗਿਣਤੀ ਵਧ ਜਾਂਦੀ ਹੈ ਤੇ ਕਈ ਵਾਰ 10 ਤੋਂ ਵੀ ਥੱਲੇ ਰਹਿ ਜਾਂਦੀ ਹੈ। ਮੰਗਲਵਾਰ ਅੰਗਰੇਜ਼ੀ ਦਾ ਪੇਪਰ ਦੇਣ ਲਈ 150 ਤੋਂ ਵੱਧ ਬੱਚੇ ਆ ਰਹੇ ਹਨ ਅਤੇ ਇਸ ਦਿਨ ਕੰਟਰੋਲਰ ਵੱਲੋਂ ਡਿਪਟੀ ਸੁਪਰਡੈਂਟ ਲਗਾਉਣ ਦੀ ਹਾਮੀ ਭਰੀ ਗਈ ਹੈ।
INDIA ਬੋਰਡ ਦੀ ਪ੍ਰੀਖਿਆ ’ਚ ਡਿਪਟੀ ਸੁਪਰਡੈਂਟ ਨਾ ਲਾਉਣ ਦਾ ਮਾਮਲਾ ਉਠਾਇਆ