ਬੈਰੂਤ (ਸਮਾਜ ਵੀਕਲੀ) : ਬੈਰੂਤ ਵਿੱਚ ਪਿਛਲੇ ਹਫ਼ਤੇ ਹੋਏ ਤਬਾਹਕੁਨ ਧਮਾਕੇ ਦੇ ਮੱਦੇਨਜ਼ਰ ਅੱਜ ਲਿਬਨਾਨ ਦੇ ਸਮੂਹ ਮੰਤਰੀ ਮੰਡਲ ਨੇ ਅਸਤੀਫ਼ਾ ਦੇ ਦਿੱਤਾ। ਇਹ ਜਾਣਕਾਰੀ ਸਿਹਤ ਮੰਤਰੀ ਹਮਾਦ ਹਸਨ ਨੇ ਦਿੱਤੀ। ਇਸ ਤੋਂ ਪਹਿਲਾਂ ਅੱਜ ਦੇਸ਼ ਦੀ ਨਿਆਂ ਮੰਤਰੀ ਮੈਰੀ ਕਲੌਡ ਨਜਮ ਵੱਲੋਂ ਅਸਤੀਫ਼ਾ ਦਿੱਤਾ ਗਿਆ ਸੀ।
ਸਿਹਤ ਮੰਤਰੀ ਹਮਾਦ ਹਸਨ ਨੇ ਅੱਜ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੇ ਖ਼ਤਮ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ। ਇਹ ਮੀਟਿੰਗ ਪਿਛਲੇ ਦੋ ਦਿਨਾਂ ਵਿੱਚ ਦੇਸ਼ ਦੇ ਆਮ ਲੋਕਾਂ ਦੀ ਸੁਰੱਖਿਆ ਬਲਾਂ ਨਾਲ ਹੋਈਆਂ ਹਿੰਸਕ ਝੜਪਾਂ ਤੋਂ ਬਾਅਦ ਹੋਈ। ਇਸ ਦੌਰਾਨ ਸ੍ਰੀ ਹਮਾਦ ਨੇ ਕਿਹਾ, ‘‘ਸਾਰੀ ਸਰਕਾਰ ਨੇ ਅਸਤੀਫ਼ਾ ਦੇ ਦਿੱਤਾ।’’ ਊਨ੍ਹਾਂ ਅੱਗੇ ਕਿਹਾ ਕਿ ਸਾਰੇ ਮੰਤਰੀਆਂ ਦੇ ਨਾਵਾਂ ਵਾਲਾ ਅਸਤੀਫ਼ਾ ਸੌਂਪਣ ਲਈ ਪ੍ਰਧਾਨ ਮੰਤਰੀ ਹਸਨ ਦਿਆਬ ਰਾਸ਼ਟਰਪਤੀ ਮਹਿਲ ਜਾਣਗੇ।’’
4 ਅਗਸਤ ਨੂੰ ਹੋਏ ਧਮਾਕੇ ਨਾਲ ਬੈਰੂਤ ਬੰਦਰਗਾਹ ਅਤੇ ਸ਼ਹਿਰ ਦੇ ਹੋਰ ਕਈ ਹਿੱਸੇ ਬੁਰੀ ਤਰ੍ਹਾਂ ਨੁਕਸਾਨੇ ਗਏ ਸਨ। ਇਸ ਦੌਰਾਨ ਕਰੀਬ 160 ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ 6,000 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਸਨ। ਇਸ ਧਮਾਕੇ ਨਾਲ ਕਰੀਬ ਤਿੰਨ ਲੱਖ ਲੋਕ ਬੇਘਰ ਹੋ ਗਏ ਸਨ। ਊਪਰੰਤ ਲੋਕਾਂ ਵਿੱਚ ਸਰਕਾਰ ਖ਼ਿਲਾਫ਼ ਭਾਰੀ ਰੋਹ ਪਾਇਆ ਜਾ ਰਿਹਾ ਸੀ। ਆਸ ਕੀਤੀ ਜਾ ਰਹੀ ਸੀ ਕਿ ਅੱਜ ਦੇਰ ਰਾਤ ਲਿਬਨਾਨ ਦੇ ਪ੍ਰਧਾਨ ਮੰਤਰੀ ਸ੍ਰੀ ਦਿਆਬ ਦੇਸ਼ ਨੂੰ ਸੰਬੋਧਨ ਕਰਨਗੇ।
ਪ੍ਰਧਾਨ ਮੰਤਰੀ ਸ੍ਰੀ ਦਿਆਬ ਦੀ ਸਰਕਾਰ ਨਵੀਂ ਸਰਕਾਰ ਬਣਨ ਤੱਕ ਕੇਅਰਟੇਕਰ ਦੀ ਭੂਮਿਕਾ ਨਿਭਾਏਗੀ। ਇਸੇ ਦੌਰਾਨ ਲਿਬਨਾਨ ਦੇ ਇਕ ਜੱਜ ਨੇ ਅੱਜ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਦੇ ਮੁੱਖੀਆਂ ਤੋਂ ਪੁੱਛਗਿਛ ਸ਼ੁਰੂ ਕਰ ਦਿੱਤੀ। ਸਰਕਾਰੀ ਕੌਮੀ ਨਿਊਜ਼ ਏਜੰਸੀ ਅਨੁਸਾਰ ਸਰਕਾਰੀ ਵਕੀਲ ਗੈਸਨ ਈ ਖੂਰੀ ਵੱਲੋਂ ਸਟੇਟ ਸੁਰੱਖਿਆ ਦੇ ਮੁੱਖੀ ਮੇਜਰ ਜਨਰਲ ਟੌਨੀ ਸਲੀਬਾ ਤੋਂ ਸਵਾਲ ਕੀਤੇ ਗਏ। ਇਸ ਬਾਰੇ ਵਧੇਰੇ ਜਾਣਕਾਰੀ ਤਾਂ ਨਹੀਂ ਦਿੱਤੀ ਗਈ ਪਰ ਹੋਰਨਾਂ ਜਨਰਲਾਂ ਤੋਂ ਵੀ ਪੁੱਛਗਿਛ ਕੀਤੀ ਜਾਵੇਗੀ।