ਸਾਮੀਆ ਇਮਾਮ ਫਾਰੂਕੀ ਤੇ ਗਾਇਤਰੀ ਗੋਪੀਚੰਦ ਸਮੇਤ ਛੇ ਭਾਰਤੀ ਬੈਡਮਿੰਟਨ ਖਿਡਾਰੀਆਂ ਨੇ ਨੈਦਰਲੈਂਡ ਦੇ ਹਾਰਲੇਮ ’ਚ ਚੱਲ ਰਹੀ ਡੱਚ ਜੂਨੀਅਰ ਕੌਮਾਂਤਰੀ ਟੂਰਨਾਮੈਂਟ ਦੇ ਸਿੰਗਲਜ਼ ਵਰਗ ਦੇ ਦੂਜੇ ਦੌਰ ’ਚ ਥਾਂ ਬਣਾ ਲਈ ਹੈ। ਏਸ਼ਿਆਈ ਜੂਨੀਅਰ ਚੈਂਪੀਅਨਸ਼ਿਪ ਦੀ ਸਾਬਕਾ ਅੰਡਰ 15 ਜੇਮੂ ਸਾਮੀਆ ਨੇ ਬੀਤੇ ਦਿਨ ਇੰਗਲੈਂਡ ਦੀ ਲਿਜ਼ਾ ਕਾਰਟਿਨ ਖ਼ਿਲਾਫ਼ 21-12, 21-11 ਨਾਲ ਆਸਾਨ ਜਿੱਤ ਦਰਜ ਕੀਤੀ। ਗਾਇਤਰੀ ਨੂੰ ਹਾਲਾਂਕਿ ਕੋਰੀਆ ਦੀ ਡਾ ਜਿਓਂਗ ਚੁੰਗ ਖ਼ਿਲਾਫ਼ 21-18, 22-20 ਨਾਲ ਜਿੱਤ ਦਰਜ ਕਰਨ ਲਈ ਕਾਫੀ ਪਸੀਨਾ ਵਹਾਉਣਾ ਪਿਆ। ਟ੍ਰੀਸਾ ਜਾਲੀ ਨੇ ਵੀ ਮੁਕਾਬਲੇ ’ਚ ਲਿਓਨ ਮਿਕਾਲਸਕੀ ਨੂੰ 21-15, 21-17 ਨਾਲ ਹਰਾਇਆ। ਲੜਕਿਆਂ ਦੇ ਸਿੰਗਲਜ਼ ਵਰਗ ’ਚ ਮਣੀਪੁਰ ਦੇ ਮੇਸਨਾਮ ਮੇਇਰਾਬਾਦ ਨੇ ਸਵੀਡਨ ਦੇ ਲੁਡਵਿਗ ਪੇਤਰ ਓਲਸਨ ਖ਼ਿਲਾਫ਼ 21-10, 21-11 ਨਾਲ ਜਿੱਤ ਦਰਜ ਕੀਤੀ। ਪ੍ਰਿਯਾਂਸ਼ੂ ਰਾਜਾਵਤ ਨੂੰ ਮੈਗਨਸ ਕਲਿਨਗਾਰਡ ਖ਼ਿਲਾਫ਼ 19-21, 21-18, 21-17 ਨਾਲ ਜਿੱਤਦੌਰਾਨ ਕਾਫੀ ਸੰਘਰਸ਼ ਕਰਨਾ ਪਿਆ ਜਦਕਿ ਸਾਈ ਚਰਨ ਕੋਇਆ ਨੇ ਕੇਲ ਫਰੈਡਹੋਮ ਖ਼ਿਲਾਫ਼ 21-11, 21-14 ਨਾਲ ਜਿੱਤ ਦਰਜ ਕੀਤੀ। ਡਬਲਜ਼ ਵਰਗ ’ਚ ਤਿੰਨ ਭਾਰਤੀ ਜੋੜੀਆਂ ਨੇ ਜਿੱਤ ਦਰਜ ਕੀਤੀ। ਇਸ਼ਾਨ ਭਟਨਾਗਰ ਤੇ ਐਡਵਿਨ ਜੌਇ ਅਤੇ ਨਵਨੀਤ ਬੋਕਾ ਤੇ ਵਿਸ਼ਣੂ ਵਰਧਨ ਗੌੜ ਪੰਜਾਲਾ ਨੇ ਆਪੋ-ਆਪਣੇ ਮੁਕਾਬਲੇ ਜਿੱਤ ਕੇ ਲੜਕਿਆਂ ਦੇ ਡਬਲਜ਼ ਵਰਗ ਦੇ ਦੂਜੇ ਦੌਰ ’ਚ ਪ੍ਰਵੇਸ਼ ਕੀਤਾ। ਛੱਤੀਸਗੜ੍ਹ ਦੇ ਭਟਨਾਗਰ ਤੇ ਕੇਰਲ ਦੇ ਜੌਇ ਨੇ ਰਾਫੇਲ ਗੇਵੋਇਸ ਤੇ ਵਿੰਸੈਂਟ ਜਿਗਲਰ ਖ਼ਿਲਾਫ਼ ਪਛੜਨ ਤੋਂ ਬਾਅਦ ਵਾਪਸੀ ਕਰਦਿਆਂ 16-21, 21-17, 21-17 ਨਾਲ ਜਿੱਤ ਦਰਜ ਕੀਤੀ। ਲੜਕਿਆਂ ਦੇ ਡਬਲਜ਼ ਵਰਗ ’ਚ ਟਰੀਜ਼ਾ ਤੇ ਵਰਸ਼ਿਣੀ ਵਿਸ਼ਵਨਾਥ ਸ੍ਰੀ ਨੇ ਕ੍ਰਸਟਨ ਡੀ ਵਿਟ ਤੇ ਜੈਮੀ ਲਾਰੈਂਸ ਦੀ ਜੋੜੀ ਨੂੰ 21-10, 21-16 ਨਾਲ ਹਰਾਇਆ।
Sports ਬੈਡਮਿੰਟਨ: ਸਾਮੀਆ ਤੇ ਗਾਇਤਰੀ ਸਮੇਤ ਛੇ ਭਾਰਤੀ ਸ਼ਟਲਰ ਜਿੱਤੇ