ਬੈਡਮਿੰਟਨ: ਲਕਸ਼ੈ ਨੇ ਸਕੌਟਿਸ਼ ਓਪਨ ਖ਼ਿਤਾਬ ਜਿੱਤਿਆ

ਭਾਰਤੀ ਬੈਡਮਿੰਟਨ ਦੇ ਉਭਰਦੇ ਖਿਡਾਰੀ ਲਕਸ਼ੈ ਸੈਨ ਨੇ ਇੱਥੇ ਸਕੌਟਿਸ਼ ਓਪਨ ਦੇ ਪੁਰਸ਼ ਸਿੰਗਲਜ਼ ਫਾਈਨਲ ਵਿੱਚ ਬ੍ਰਾਜ਼ੀਲ ਦੇ ਵਾਇਗੋਰ ਕੋਇਲੋ ਖ਼ਿਲਾਫ਼ ਦਿਲਚਸਪ ਜਿੱਤ ਨਾਲ ਤਿੰਨ ਮਹੀਨਿਆਂ ਵਿੱਚ ਚੌਥਾ ਖ਼ਿਤਾਬ ਆਪਣੇ ਨਾਮ ਕੀਤਾ। ਭਾਰਤ ਦੇ ਸਿਖਰਲਾ ਦਰਜਾ ਪ੍ਰਾਪਤ ਲਕਸ਼ੈ ਨੇ ਫਾਈਨਲ ਵਿੱਚ ਬ੍ਰਾਜ਼ੀਲ ਦੇ ਖਿਡਾਰੀ ਨੂੰ 56 ਮਿੰਟ ਵਿੱਚ 18-21, 21-18, 21-19 ਨਾਲ ਸ਼ਿਕਸਤ ਦਿੱਤੀ। ਉਤਰਾਖੰਡ ਦੇ 18 ਸਾਲਾ ਲਕਸ਼ੈ ਦਾ ਪਿਛਲੇ ਚਾਰ ਟੂਰਨਾਮੈਂਟਾਂ ਵਿੱਚ ਇਹ ਤੀਜਾ ਖ਼ਿਤਾਬ ਹੈ।
ਇਸ ਤੋਂ ਪਹਿਲਾਂ ਉਸਨੇ ਸਾਰਲੌਰਲਕਸ਼ ਓਪਨ, ਡੱਚ ਓਪਨ ਅਤੇ ਬੈਲਜੀਅਮ ਇੰਟਰਨੈਸ਼ਨਲ ਦਾ ਖ਼ਿਤਾਬ ਜਿੱਤਿਆ ਸੀ। ਆਈਰਿਸ਼ ਓਪਨ ਦੇ ਦੂਜੇ ਗੇੜ ਵਿੱਚ ਹਾਰ ਝੱਲਣ ਮਗਰੋਂ ਲਕਸ਼ੈ ਨੇ ਇੱਥੇ ਸ਼ਾਨਦਾਰ ਵਾਪਸੀ ਕੀਤੀ। ਲਕਸ਼ੈ ਨੇ ਟਵੀਟ ਕੀਤਾ, ‘‘ਸਕੌਟਿਸ਼ ਓਪਨ ਦਾ ਖ਼ਿਤਾਬ ਜਿੱਤ ਕੇ ਖ਼ੁਸ਼ੀ ਹੋਈ। ਮੇਰੇ ਦੋਸਤ ਕੋਇਲੋ ਖ਼ਿਲਾਫ਼ ਸਖ਼ਤ ਮੁਕਾਬਲਾ। ਡੈੱਨਮਾਰਕ ਵਿੱਚ ਤੁਹਾਡੇ ਨਾਲ ਸਿਖਲਾਈ ਲੈਣਾ ਅਤੇ ਅੱਜ ਤੁਹਾਡੇ ਖ਼ਿਲਾਫ਼ ਮੁਸ਼ਕਲ ਮੈਚ ਖੇਡਣਾ ਬਹੁਤ ਵਧੀਆ ਰਿਹਾ।’’
ਭਾਰਤੀ ਖਿਡਾਰੀ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਆਸਟਰੀਆ ਦੇ ਲੁਕਾ ਰੈਬਰ ਖ਼ਿਲਾਫ਼ ਸਿੱਧੀ ਗੇਮ ਵਿੱਚ ਜਿੱਤ ਨਾਲ ਕੀਤੀ ਅਤੇ ਫਿਰ ਹਮਵਤਨ ਕਿਰਨ ਜਾਰਜ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ।
ਵਿਸ਼ਵ ਦੇ 41ਵੇਂ ਨੰਬਰ ਦੇ ਖਿਡਾਰੀ ਲਕਸ਼ੈ ਨੇ ਛੇਵੇਂ ਦਰਜਾ ਪ੍ਰਾਪਤ ਬਰਾਇਨ ਯੰਗ ਨੂੰ ਸਿੱਧੇ ਸੈੱਟਾਂ ਵਿੱਚ ਹਰਾਇਆ ਅਤੇ ਫਿਰ ਸੈਮੀਫਾਈਨਲ ਵਿੱਚ ਫਰਾਂਸ ਦੇ ਕ੍ਰਿਸਟੋ ਪੋਪੋਵ ਨੂੰ ਸ਼ਿਕਸਤ ਦਿੱਤੀ। ਇਸ ਜਿੱਤ ਨਾਲ ਲਕਸ਼ੈ ਬੀਡਬਲਯੂਐੱਫ ਦਰਜਾਬੰਦੀ ਵਿੱਚ ਸਿਖਰਲੇ 40 ਖਿਡਾਰੀਆਂ ਵਿੱਚ ਥਾਂ ਬਣਾ ਲਵੇਗਾ। ਲਕਸ਼ੈ ਤੋਂ ਪਹਿਲਾਂ ਆਨੰਦ ਪਵਾਰ (2010 ਅਤੇ 2012), ਅਰਵਿੰਦ ਭੱਟ (2004) ਅਤੇ ਪੁਲੇਲਾ ਗੋਪੀਚੰਦ (1999) ਸਕੌਟਿਸ਼ ਓਪਨ ਖ਼ਿਤਾਬ ਜਿੱਤ ਚੁੱਕੇ ਹਨ।

Previous articleEx-Trump aide must testify before Congress, rules US judge
Next articleIran says foils plot to blow up oil pipelines