ਦਿੱਲੀ ਦੇ ਪੀਰਾਗੜ੍ਹੀ ਸਨਅਤੀ ਇਲਾਕੇ ’ਚ ਓਕਾਯਾ ਬੈਟਰੀਆਂ ਬਣਾਉਣ ਵਾਲੀ ਫੈਕਟਰੀ ਨੂੰ ਅੱਜ ਅੱਗ ਲੱਗ ਗਈ ਜਿਸ ਦੀ ਚਪੇਟ ’ਚ ਆ ਕੇ ਅੱਗ ਬੁਝਾਊ ਦਸਤੇ ਦਾ ਇਕ ਮੁਲਾਜ਼ਮ ਮਾਰਿਆ ਗਿਆ। ਫਾਇਰ ਬ੍ਰਿਗੇਡ ਅਮਲਾ ਅੱਗ ’ਚ ਉਦੋਂ ਘਿਰ ਗਿਆ ਜਦੋਂ ਇਮਾਰਤ ਵਿੱਚ ਧਮਾਕਾ ਹੋਣ ਕਰਕੇ ਇਮਾਰਤ ਦਾ 75 ਫ਼ੀਸਦੀ ਢਹਿ ਗਿਆ। ਅੱਗ ਬੁਝਾਊ ਦਸਤੇ ਦੇ ਮੁਲਾਜ਼ਮ ਤੇ ਫੈਕਟਰੀ ਮੁਲਾਜ਼ਮ ਬਹੁਮੰਜ਼ਿਲੀ ਇਮਾਰਤ ਦੇ ਮਲਬੇ ਹੇਠ ਫਸ ਕੇ ਜ਼ਖ਼ਮੀ ਹੋ ਗਏ ਜਿਨ੍ਹਾਂ ਵਿੱਚੋਂ ਇਕ ਨੇ ਹਸਪਤਾਲ ’ਚ ਦਮ ਤੋੜ ਦਿੱਤਾ। ਰਿਪੋਰਟਾਂ ਮੁਤਾਬਕ ਕੁਝ ਵਿਅਕਤੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਗ੍ਰਹਿ ਮੰਤਰੀ ਸਤਿੰਦਰ ਜੈਨ ਅਤੇ ਉਪ ਰਾਜਪਾਲ ਅਨਿਲ ਬੈਜਲ ਸਮੇਤ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨੇ ਇਸ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ। ਕੇਜਰੀਵਾਲ ਨੇ ਕਿਹਾ ਕਿ ਫਾਇਰ ਸਰਵਿਸ ਦਾ ਜਵਾਨ ਸ਼ਹੀਦ ਹੋ ਗਿਆ ਹੈ। ਉਨ੍ਹਾਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਦਿੱਲੀ ਸਰਕਾਰ ਨੇ ਘਟਨਾ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ। ਉਧਰ ਪੁਲੀਸ ਨੇ ਇਸ ਮਾਮਲੇ ਦੀ ਜਾਂਚ ਕ੍ਰਾਈਮ ਬ੍ਰਾਂਚ ਹਵਾਲੇ ਕਰ ਦਿੱਤੀ ਹੈ। ਓਕਾਯਾ ਬੈਟਰੀਆਂ ਬਣਾਉਣ ਵਾਲੀ ਇਸ ਫੈਕਟਰੀ ਵਿੱਚ ਤੜਕੇ 4.23 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਤੁਰੰਤ 50 ਦੇ ਕਰੀਬ ਅੱਗ ਬੁਝਾਊ ਗੱਡੀਆਂ ਮੌਕੇ ’ਤੇ ਭੇਜੀਆਂ ਗਈਆਂ। ਜਦੋਂ ਅੱਗ ਬੁਝਾਉਣ ਦਾ ਕੰਮ ਚੱਲ ਰਿਹਾ ਸੀ ਤਾਂ ਅਚਾਨਕ ਫੈਕਟਰੀ ’ਚ ਧਮਾਕਾ ਹੋਣ ਕਰਕੇ ਇਮਾਰਤ ਦਾ ਵੱਡਾ ਹਿੱਸਾ ਢਹਿ ਗਿਆ ਅਤੇ ਫਾਇਰ ਬ੍ਰਿਗੇਡ ਦੇ 14 ਮੁਲਾਜ਼ਮ ਅਤੇ 3 ਫੈਕਟਰੀ ਮੁਲਾਜ਼ਮ ਇਮਾਰਤ ਦੇ ਮਲਬੇ ਦੀ ਜ਼ੱਦ ’ਚ ਆ ਗਏ। ਵਧੀਕ ਡੀਸੀਪੀ ਰਾਜਿੰਦਰ ਸਾਗਰ ਨੇ ਦੱਸਿਆ ਕਿ ਅਨਿਲ ਬਾਲੀਆਨ ਨਾਮ ਦਾ ਮੁਲਾਜ਼ਮ ਮਲਬੇ ਹੇਠ ਦੱਬਿਆ ਗਿਆ ਸੀ ਅਤੇ ਉਸ ਨੂੰ ਕੱਢ ਕੇ ਹਸਪਤਾਲ ਭੇਜਿਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਕੌਮੀ ਰਾਹਤ ਪ੍ਰਬੰਧਨ ਦੀ ਟੀਮ ਵੀ ਮੌਕੇ ਉਪਰ ਪੁੱਜੀ ਤੇ ਰਾਹਤ ਕਾਰਜ ਚਲਾਏ। ਅੱਗ ਬੁਝਾਉਣ ’ਚ ਕਰੀਬ 9 ਘੰਟੇ ਲੱਗੇ। ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਫੈਕਟਰੀ ’ਚ ਜਾਣ-ਆਉਣ ਦੇ ਰਾਹ ਘੱਟ ਸਨ। ਮੰਨਿਆ ਜਾ ਰਿਹਾ ਹੈ ਕਿ ਬੈਟਰੀਆਂ ਦੇ ਸਾਮਾਨ ’ਚ ਅੱਗ ਲੱਗਣ ਕਾਰਨ ਵੱਡਾ ਧਮਾਕਾ ਹੋਇਆ ਅਤੇ ਜ਼ਿਆਦਾ ਨੁਕਸਾਨ ਹੋਇਆ।
HOME ਬੈਟਰੀਆਂ ਬਣਾਉਣ ਵਾਲੀ ਫੈਕਟਰੀ ’ਚ ਅੱਗ ਲੱਗੀ, ਫਾਇਰ ਬ੍ਰਿਗੇਡ ਦਾ ਮੁਲਾਜ਼ਮ ਹਲਾਕ