ਜਨਤਕ ਖੇਤਰ ਦੇ ਬੈਂਕ ਆਫ਼ ਬੜੌਦਾ ਵਿੱਚ ਵਿਜਯਾ ਬੈਂਕ ਅਤੇ ਦੇਨਾ ਬੈਂਕ ਦੇ ਰਲੇਵੇਂ ਵਿਰੁੱਧ ਅਤੇ ਤੁਰੰਤ ਤਨਖ਼ਾਹਾਂ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਅੱਜ ਵੱਖ ਵੱਖ ਸਰਕਾਰੀ ਬੈਂਕਾਂ ਦੇ ਕਰੀਬ 3.20 ਲੱਖ ਅਧਿਕਾਰੀ ਇਕ ਰੋਜ਼ਾ ਹੜਤਾਲ ’ਤੇ ਰਹੇ। ਯੂਨੀਅਨ ਵੱਲੋਂ ਪਹਿਲੀ ਨਵੰਬਰ, 2017 ਤੋਂ ਪੈਂਡਿੰਗ ਤਨਖ਼ਾਹਾਂ ’ਚ ਵਾਧੇ ਨੂੰ ਸਕੇਲ 1-7 ਤੱਕ ਦੇ ਮੁਲਾਜ਼ਮਾਂ ’ਤੇ ਲਾਗੂ ਕਰਨ ਦੀ ਮੰਗ ਕਰ ਰਹੀ ਹੈ ਜਦੋਂਕਿ ਮੌਜੂਦਾ ਸਮੇਂ ’ਚ ਬੈਂਕ ਪ੍ਰਬੰਧਨਾਂ ਨੇ ਇਨ੍ਹਾਂ ਤਨਖ਼ਾਹ ਸਕੇਲਾਂ ਨੂੰ ਸਕੇਲ 1-3 ਤੱਕ ਦੇ ਬੈਂਕ ਮੁਲਾਜ਼ਮਾਂ ਲਈ ਲਾਗੂ ਕਰਨ ਵਾਸਤੇ ਇੰਡੀਅਨ ਬੈਂਕ ਐਸੋਸੀਏਸ਼ਨ ਨੂੰ ਅਧਿਕਾਰਤ ਕੀਤਾ ਹੈ। ਆਲ ਇੰਡੀਆ ਬੈਂਕ ਆਫ਼ੀਸਰਜ਼ ਕਨਫੈਡਰੇਸ਼ਨ ਦੇ ਜਨਰਲ ਸਕੱਤਰ ਸੌਮਿਆ ਦੱਤਾ ਨੇ ਕਿਹਾ ਕਿ ਇੰਡੀਅਨ ਬੈਂਕ ਐਸੋਸੀਏਸ਼ਨ ਵੀ ਸਕੇਲ 1-7 ਦੇ ਮੁਲਾਜ਼ਮਾਂ ਲਈ ਤਨਖ਼ਾਹਾਂ ’ਚ ਵਾਧਾ ਕਰਨ ਸਬੰਧੀ ਸਾਡੀਆਂ ਮੰਗਾਂ ਬਾਰੇ ਗੱਲਬਾਤ ਕਰਨ ਲਈ ਅੱਗੇ ਨਹੀਂ ਆ ਰਹੀ ਹੈ। ਉਨ੍ਹਾਂ ਕਿਹਾ ਕਿ ਯੂਨੀਅਨਾਂ ਤੇ ਆਈਬੀਏ ਵਿਚਾਲੇ 13 ਮਹੀਨਿਆਂ ਦੀ ਗੱਲਬਾਤ ਦੇ ਬਾਵਜੂਦ ਤਨਖ਼ਾਹਾਂ ’ਚ ਸਿਰਫ਼ ਅੱਠ ਫੀਸਦ ਵਾਧੇ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਪਹਿਲੀ ਨਵੰਬਰ, 2012 ਤੋਂ 31 ਅਕਤੂਬਰ, 2017 ਤੱਕ ਦੇ ਹੋਏ ਪਿਛਲੇ ਸਮਝੌਤੇ ’ਚ ਮੁਲਾਜ਼ਮਾਂ ਦੀਆਂ ਤਨਖ਼ਾਹਾਂ ’ਚ 15 ਫੀਸਦ ਵਾਧਾ ਹੋਇਆ ਸੀ। ਸ੍ਰੀ ਦੱਤਾ ਨੇ ਕਿਹਾ ਕਿ ਆਈਬੀਏ ਨੇ ਲਾਭ ਤੇ ਕਰਜ਼ਿਆਂ ਦੇ ਮੁੜਨ ਦੇ ਆਧਾਰ ’ਤੇ ਵੈਰੀਏਬਲ ਪੇਅ ਦੀ ਪੇਸ਼ਕਸ਼ ਵੀ ਕੀਤੀ ਹੈ, ਪਰ ਕਰਜ਼ੇ ਨਾ ਮੁੜਨ ਕਾਰਨ ਜ਼ਿਆਦਾਤਰ ਬੈਂਕ ਘਾਟੇ ’ਚ ਚੱਲ ਰਹੇ ਹਨ, ਜਿਸ ਲਈ ਮੁਲਾਜ਼ਮਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਬੈਂਕਾਂ ਦੇ ਰਲੇਵੇਂ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਨਾਲ ਸਮੱਸਿਆਵਾਂ ਦਾ ਹੱਲ ਨਹੀਂ ਹੋਣ ਵਾਲਾ। ਉੱਧਰ, ਬੈਂਕ ਯੂਨੀਅਨਾਂ ਦੀਅ ਯੂਨਾਈਟਿਡ ਫੋਰਮ ਨੇ ਰਲੇਵੇਂ ਖ਼ਿਲਾਫ਼ 26 ਦਸੰਬਰ ਨੂੰ ਇਕ ਰੋਜ਼ਾ ਹੜਤਾਲ ਦਾ ਸੱਦਾ ਦਿੱਤਾ ਹੈ।