ਨਵੀਂ ਦਿੱਲੀ (ਸਮਾਜ ਵੀਕਲੀ) : ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਸਰਕਾਰ ਆਪਣੀ ਮਾਲਕੀ ਵਾਲੇ ਬੈਂਕਾਂ, ਜਿਨ੍ਹਾਂ ਦਾ ਆਉਂਦੇ ਦਿਨਾਂ ਨੂੰ ਨਿੱਜੀਕਰਨ ਕੀਤਾ ਜਾ ਸਕਦਾ ਹੈ, ਦੇ ਸਾਰੇ ਮੁਲਾਜ਼ਮਾਂ ਦੇ ਹਿੱਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏਗੀ। ਉਨ੍ਹਾਂ ਸਪਸ਼ਟ ਕੀਤਾ ਕਿ ਬੈਂਕਿੰਗ ਖੇਤਰ ’ਚ ਸਰਕਾਰੀ ਖੇਤਰ ਦੀ ਮੌਜੂਦਗੀ ਪਹਿਲਾਂ ਵਾਂਗ ਜਾਰੀ ਰਹੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਾਂਗਰਸ ਦੀ ਅਗਵਾਈ ਵਾਲੀ ਪਿਛਲੀ ਯੂਪੀੲੇ ਸਰਕਾਰ ’ਤੇ ਭ੍ਰਿਸ਼ਟਾਚਾਰ ਦਾ ਰਾਸ਼ਟਰੀਕਰਨ ਕੀਤੇ ਜਾਣ ਤੇ ਕਰਦਾਤਿਆਂ ਦੇ ਪੈਸੇ ਦਾ ‘ਇਕ ਪਰਿਵਾਰ’ ਨੂੰ ਲਾਹਾ ਦੇਣ ਲਈ ਨਿੱਜੀਕਰਨ ਕੀਤੇ ਜਾਣ ਦਾ ਦੋਸ਼ ਲਾਇਆ ਹੈ।
ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਕੀਤੇ ਟਵੀਟ ਦਾ ਪ੍ਰੈੱਸ ਕਾਨਫਰੰਸ ਦੌਰਾਨ ਜਵਾਬ ਦਿੰਦਿਆਂ ਸੀਤਾਰਾਮਨ ਨੇ ਕਿਹਾ ਕਿ (ਰਾਹੁਲ) ਗਾਂਧੀ ਦੀਆਂ ਇਹ ਟਿੱਪਣੀਆਂ ‘ਕੱਟੜ ਕਾਮਰੇਡ’ ਤੋਂ ਉਧਾਰ ਲਈਆਂ ਲਗਦੀਆਂ ਹਨ। ਵਿੱਤ ਮੰਤਰੀ ਨੇ ਕਿਹਾ, ‘ਮੈਂ ਚਾਹੁੰਦੀ ਹਾਂ ਕਿ ਉਹ (ਰਾਹੁਲ) ਇਸ ਮੁੱਦੇ ’ਤੇ ਨਿੱਤ ਫ਼ਬਤੀਆਂ ਕੱਸਣ ਦੀ ਥਾਂ ਗੰਭੀਰ ਚਰਚਾ ਕਰਨ।’ ਉਨ੍ਹਾਂ ਕਿਹਾ ਕਿ ਯੂਪੀਏ ਸਰਕਾਰ ਨੇ ਭ੍ਰਿਸ਼ਟਾਚਾਰ ਦਾ ਕੌਮੀਕਰਨ ਕੀਤਾ ਸੀ। ਉਨ੍ਹਾਂ ਕਿਹਾ, ‘ਉਹਦੀ ਦਾਦੀ (ਇੰਦਰਾ ਗਾਂਧੀ) ਨੇ ਹੀ ਸ਼ਾਇਦ ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਸੀ। ਪਰ ਬੈਂਕਾਂ ਨੂੰ ਰਾਸ਼ਟਰੀਕਰਨ ਨਾਲ ਘਾਟਾ ਯੂਪੀੲੇ ਦੇ ਸਮੇਂ ’ਚ ਪਿਆ। ਮੈਂ ਇਥੇ ਇਕ ਗੱਲ ਹੋਰ ਜੋੜਨਾ ਚਾਹਾਂਗੀ ਕਿ ਭ੍ਰਿਸ਼ਟਾਚਾਰ ਦਾ ਰਾਸ਼ਟਰੀਕਰਨ ਵੀ ਉਨ੍ਹਾਂ ਨੇ ਹੀ ਕੀਤਾ।’ ਸੀਨੀਅਰ ਭਾਜਪਾ ਆਗੂ ਨੇ ਰਾਹੁਲ ਗਾਂਧੀ ਨੂੰ ਸਲਾਹ ਦਿੱਤੀ ਕਿ ਉਹ ਬੋਲਣ ਤੋਂ ਪਹਿਲਾਂ ਕਿਸੇ ਵੀ ਤੱਥ ਬਾਰੇ ਵਿਆਪਕ ਜਾਣਕਾਰੀ ਇਕੱਤਰ ਕਰ ਲੈਣ।