ਮਿੰਸਕ (ਸਮਾਜ ਵੀਕਲੀ): ਬੇਲਾਰੂਸ ਦੇ ਚੋਣ ਅਧਿਕਾਰੀਆਂ ਨੇ ਦੱਸਿਆ ਕਿ ਅਲੈਗਜ਼ੈਂਡਰ ਲੁਕਾਸ਼ੈਂਕੋ 80 ਫ਼ੀਸਦੀ ਤੋਂ ਵੱਧ ਵੋਟਾਂ ਹਾਸਲ ਕਰ ਕੇ ਲਗਾਤਾਰ ਛੇਵੀਂ ਵਾਰ ਰਾਸ਼ਟਰਪਤੀ ਅਹੁਦੇ ’ਤੇ ਕਾਬਜ਼ ਹੋ ਗਏ ਹਨ। ਐਤਵਾਰ ਨੂੰ ਹੋਈਆਂ ਚੋਣਾਂ ਦੌਰਾਨ ਵੱਡੇ ਪੱਧਰ ’ਤੇ ਬੇਲਾਰੂਸ ’ਚ ਪ੍ਰਦਰਸ਼ਨ ਹੋਏ ਸਨ ਅਤੇ ਪ੍ਰਦਰਸ਼ਨਕਾਰੀਆਂ ਨੂੰ ਫੜਨ ਲਈ ਕਾਰਵਾਈ ਕੀਤੀ ਗਈ ਸੀ।
ਮੁਲਕ ਦੇ ਕੇਂਦਰੀ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਸਾਰੀਆਂ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਅਤੇ ਲੁਕਾਸ਼ੈਂਕੋ ਨੂੰ 80.23 ਫ਼ੀਸਦ ਜਦਕਿ ਮੁੱਖ ਵਿਰੋਧੀ ਸਵਿਤਲਾਨਾ ਸ਼ਿਖਾਨੌਸਕਾਯਾ ਨੂੰ ਮਹਿਜ਼ 9.9 ਫ਼ੀਸਦੀ ਵੋਟ ਹੀ ਮਿਲੇ। ਮੁਲਕ ’ਚ ਵੱਡੇ ਪੱਧਰ ’ਤੇ ਤਣਾਅ ਪੈਦਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਵਿਰੋਧੀ ਧਿਰ ਦੋਸ਼ ਲਗਾ ਰਹੀ ਹੈ ਕਿ ਚੋਣਾਂ ’ਚ ਗੜਬੜੀ ਕੀਤੀ ਗਈ ਹੈ। ਸ਼ਿਖਾਨੌਸਕਾਯਾ ਨੇ ਸਰਕਾਰੀ ਅੰਕੜਿਆਂ ਨੂੰ ਨਕਾਰਦਿਆਂ ਕਿਹਾ ਕਿ ਬਹੁਮਤ ਉਨ੍ਹਾਂ ਨਾਲ ਸੀ। ਕਈ ਸ਼ਹਿਰਾਂ ’ਚ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਹੰਝੂ ਗੈਸ ਦੇ ਗੋਲੇ ਸੁੱਟੇ ਗਏ ਅਤੇ ਲਾਠੀਚਾਰਜ ਕੀਤਾ ਗਿਆ। ਕਈਆਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਪੁਲੀਸ ਵੱਲੋਂ ਹਾਲਾਤ ਆਮ ਵਰਗੇ ਬਣਾਉਣ ਦੇ ਯਤਨ ਜਾਰੀ ਹਨ।