ਮਿੰਸਕ (ਸਮਾਜ ਵੀਕਲੀ) : ਚੋਣ ਨਤੀਜਿਆਂ ਤੋਂ ਨਾਰਾਜ਼ ਹੋ ਕੇ ਪ੍ਰਦਰਸ਼ਨ ਕਰ ਰਹੇ ਹਜ਼ਾਰਾਂ ਲੋਕਾਂ ਤੇ ਪੁਲੀਸ ਵਿਚਾਲੇ ਹੋਈ ਝੜਪ ’ਚ ਇੱਕ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ। ਬੇਲਾਰੂਸ ਦੇ ਰਾਸ਼ਟਰਪਤੀ ਅਲੈਕਜ਼ਾਂਦਰ ਲੁਕਾਸ਼ੇਂਕੋ ਛੇਵੀਂ ਵਾਰ ਚੋਣ ਜਿੱਤ ਗਏ ਹਨ ਅਤੇ ਵਿਰੋਧੀ ਧਿਰ ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਚੋਣਾਂ ਦੇ ਨਤੀਜਿਆਂ ’ਚ ਧਾਂਦਲੀ ਹੋ ਗਈ ਹੈ।
ਗ੍ਰਹਿ ਮੰਤਰਾਲੇ ਦੇ ਬੁਲਾਰੇ ਅਲੈਗਜ਼ਾਂਦਰ ਲਾਸਤੋਵਸਕੀ ਨੇ ਦੱਸਿਆ ਕਿ ਮਾਰਿਆ ਗਿਆ ਪ੍ਰਦਰਸ਼ਨਕਾਰੀ ਰਾਸ਼ਟਰਪਤੀ ਚੋਣ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਭੀੜ ਦਾ ਹਿੱਸਾ ਸੀ। ਉਹ ਕੋਈ ਧਮਾਕਾਖੇਜ਼ ਚੀਜ਼ ਸੁੱਟਣ ਦੀ ਕੋਸ਼ਿਸ਼ ਕਰ ਰਿਹਾ ਸੀ ਜੋ ਉਸ ਦੇ ਹੱਥ ’ਚ ਫਟ ਗਈ। ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਕਾਰਨ ਪੂਰੇ ਬੇਲਾਰੂਸ ’ਚ ਵੱਡੇ ਪੱਧਰ ’ਤੇ ਪ੍ਰਦਰਸ਼ਨ ਹੋਏ ਹਨ ਅਤੇ ਪ੍ਰਦਰਸ਼ਨਕਾਰੀਆਂ ’ਤੇ ਹਿੰਸਕ ਕਾਰਵਾਈ ਕੀਤੀ ਗਈ ਹੈ। ਲੁਕਾਸ਼ੇਂਕੋ ਨੂੰ ਬੇਲਾਰੂਸ ਦਾ ਤਾਨਾਸ਼ਾਹ ਸ਼ਾਸਕ ਕਿਹਾ ਜਾਂਦਾ ਹੈ।
ਰੋਸ ਮੁਜ਼ਾਹਰਿਆਂ ’ਚ ਵੱਡੀ ਗਿਣਤੀ ’ਚ ਲੋਕ ਜ਼ਖ਼ਮੀ ਹੋਏ ਹਨ ਅਤੇ ਹਜ਼ਾਰਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ’ਤੇ ਅੱਥਰੂ ਗੈਸ ਦੇ ਗੋਲੇ ਵੀ ਦਾਗੇ। ਪ੍ਰਦਰਸ਼ਨਕਾਰੀਆਂ ’ਚੋਂ ਵਧੇਰੇ ਨੌਜਵਾਨ ਸਨ। ਲੁਕਾਸ਼ੇਂਕੋ ਦਾ ਸ਼ਾਸਨ 1994 ’ਚ ਸ਼ੁਰੂ ਹੋਇਆ ਸੀ ਅਤੇ ਇਸ ਜਿੱਤ ਤੋਂ ਬਾਅਦ ਉਹ 2025 ਤੱਕ ਸੱਤਾ ’ਚ ਰਹਿਣਗੇ। ਚੋਣ ਕਮਿਸ਼ਨ ਨੇ ਨਤੀਜਿਆਂ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਲੁਕਾਸ਼ੇਂਕੋ ਨੂੰ 80.23 ਫੀਸਦ ਵੋਟਾਂ ਮਿਲੀਆਂ ਹਨ ਜਦਕਿ ਉਨ੍ਹਾਂ ਦੀ ਮੁੱਖ ਵਿਰੋਧੀ ਉਮੀਦਵਾਰ ਸਵੇਤਲਾਨਾ ਸਿਖਾਨੌਸਕਾਇਆ ਨੂੰ ਸਿਰਫ਼ 9.9 ਫੀਸਦ ਵੋਟਾਂ ਪਈਆਂ ਹਨ।
ਉੱਧਰ ਬੇਲਾਰੂਸ ਦੀਆਂ ਰਾਸ਼ਟਰਪਤੀ ਚੋਣਾਂ ’ਚ ਮੁੱਖ ਵਿਰੋਧੀ ਉਮੀਦਵਾਰਾਂ ਨੇ ਆਪਣੀ ਹਾਰ ਨਾਮਨਜ਼ੂਰ ਕਰਦਿਆਂ ਦੇਸ਼ ਛੱਡ ਦਿੱਤਾ ਹੈ। ਇਹ ਜਾਣਕਾਰੀ ਲਿਥੁਆਨੀਆ ਦੇ ਵਿਦੇਸ਼ ਮੰਤਰੀ ਨੇ ਦਿੱਤੀ। ਲਿਨਾਸ ਲਿੰਕੇਵਿਕੀਅਸ ਨੇ ਟਵੀਟ ਕੀਤਾ, ‘ਸਵਿਤਲਾਨਾ ਸ਼ਿਖਾਨੌਸਕਾਯਾ ਹੁਣ ਲਿਥੁਆਨੀਆ ’ਚ ਸੁਰੱਖਿਅਤ ਹੈ।’