ਪਟਿਆਲਾ ਪੁਲੀਸ ਦੀਆਂ ਲਾਠੀਆਂ ਦੇ ਝੰਬੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਅੱਜ ਦਿਨ ਭਰ ਪਟਿਆਲਾ-ਸੰਗਰੂਰ ਸੜਕ ’ਤੇ ਭਾਖੜਾ ਨਹਿਰ ਦੇ ਪੁਲ ’ਤੇ ਆਵਾਜਾਈ ਜਾਮ ਕਰ ਕੇ ਰੋਸ ਧਰਨਾ ਦਿੱਤਾ ਗਿਆ। ਇਸ ਤੋਂ ਇਲਾਵਾ ਪੁੱਡਾ ਗਰਾਊਂਡ ਵੀ ਵੱਖਰਾ ਧਰਨਾ ਜਾਰੀ ਰੱਖਿਆ ਗਿਆ। ਦੂਜੇ ਪਾਸੇ ਪ੍ਰਸ਼ਾਸਨ ਨੇ 12 ਮਾਰਚ ਦੀ ਮੁੱਖ ਮੰਤਰੀ ਪੰਜਾਬ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਮੀਟਿੰਗ ਤੈਅ ਕਰਵਾ ਦਿੱਤੀ ਹੈ ਜਿਸ ਮਗਰੋਂ ਹੀ ਨਹਿਰ ਦੇ ਪੁਲ ਦੀ ਆਵਾਜਾਈ ਬਹਾਲ ਕੀਤੀ ਗਈ। ਉਧਰ ਮੇਜ਼ਬਾਨ ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਜੇ 12 ਦੀ ਬੈਠਕ ’ਚ ਕੋਈ ਮਸਲਾ ਹੱਲ ਨਹੀਂ ਹੋਇਆ ਤਾਂ 14 ਮਾਰਚ ਨੂੰ ਮੁੜ ‘ਨਿਊ ਮੋਤੀ ਬਾਗ ਪੈਲੇਸ’ ਦਾ ਘਿਰਾਓ ਕੀਤਾ ਜਾਵੇਗਾ। ਪੁੱਡਾ ਗਰਾਊਂਡ ਦੇ ਰੋਸ ਧਰਨੇ ਨੂੰ 12 ਮਾਰਚ ਤੱਕ ਨਿਰਵਿਘਨ ਜਾਰੀ ਰੱਖਣ ਦਾ ਵੀ ਐਲਾਨ ਕੀਤਾ ਗਿਆ। ਦੱਸਣਯੋਗ ਹੈ ਕਿ ਬੀਤੇ ਕੱਲ੍ਹ ਨਿਊ ਮੋਤੀ ਬਾਗ ਪੈਲੇਸ ਵੱਲ ਵੱਧਦੇ ਬੇਰੁਜ਼ਗਾਰ ਅਧਿਆਪਕ ਕਾਰਕੁਨਾਂ ’ਤੇ ਪੁਲੀਸ ਵੱਲੋਂ ਲਾਠੀਚਾਰਜ ਕੀਤਾ ਗਿਆ ਸੀ। ਪ੍ਰਦਰਸ਼ਕਾਰੀਆਂ ਦੇ ਨਹਿਰ ਵਿੱਚ ਛਾਲਾਂ ਮਾਰਨ ਦੇ ਖਦਸ਼ੇ ਕਾਰਨ ਅੱਜ ਨਹਿਰ ਦੁਆਲੇ ਕਈ ਦਰਜਨ ਗੋਤਾਖੋਰ ਤਾਇਨਾਤ ਕੀਤੇ ਗਏ। ਉਧਰ ਮੁੱਖ ਮੰਤਰੀ ਕੈਂਪਸ ਆਫਿਸ ‘ਨਿਊ ਮੋਤੀ ਬਾਗ ਪੈਲੇਸ’ ਦੁਆਲੇ ਵੀ ਵੱਡੀ ਗਿਣਤੀ ਪੁਲੀਸ ਤਾਇਨਾਤ ਰਹੀ। ਰੋਸ ਪ੍ਰਦਰਸ਼ਨ ਅੱਗੇ ਝੁਕਦਿਆਂ ਆਖ਼ਿਰ ਪ੍ਰਸ਼ਾਸਨ ਵੱਲੋਂ 12 ਮਾਰਚ ਦੀ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਮੀਟਿੰਗ ਫਿਕਸ ਕਰਵਾਈ ਗਈ। ਅਧਿਆਪਕ ਆਗੂਆਂ ਦੀਪਕ ਕੰਬੋਜ ਅਤੇ ਸੰਦੀਪ ਸਾਮਾ, ਸੁਰਜੀਤ ਚਪਾਤੀ, ਮੋਨੂੰ ਫਿਰੋਜ਼ਪੁਰ, ਪਰਮਿੰਦਰ ਜਲਾਲਾਬਾਦ, ਰਾਵਿੰਦਰ ਅਬੋਹਰ, ਜਰਨੈਲ ਨਾਗਰਾ, ਗੁਰਜੰਟ ਪਟਿਆਲਾ, ਦੀਪ ਬਨਾਰਸੀ ਨੇ ਮੰਗਾਂ ਨਾ ਮੰਨਣ ’ਤੇ ਸੰਘਰਸ਼ ਦੀ ਚਿਤਾਵਨੀ ਦਿੱਤੀ। ਉਧਰ ਦੇਰ ਸ਼ਾਮ ਐਸਡੀਐਮ ਚਰਨਜੀਤ ਸਿੰਘ ਨੇ ਮੀਟਿੰਗ ਦਾ ਲਿਖਤੀ ਪੱਤਰ ਵੀ ਯੂਨੀਅਨ ਦੇ ਆਗੂਆਂ ਨੂੰ ਸੌਂਪਿਆ। ਉਧਰ ਬੇਰੁਜ਼ਗਾਰਾਂ ਦੇ ਰੋਸ ਧਰਨੇ ’ਚ ਅੱਜ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਸ਼ਮੂਲੀਅਤ ਕਰਦਿਆਂ ਅਕਾਲੀ ਦਲ ਤਰਫੋਂ ਬੇਰੁਜ਼ਗਾਰ ਅਧਿਆਪਕਾਂ ਨੂੰ ਪੂਰਨ ਹਮਾਇਤ ਦੇਣ ਦਾ ਐਲਾਨ ਵੀ ਕੀਤਾ। ਉਧਰ ਭਰਾਤਰੀ ਜਥੇਬੰਦੀਆਂ ਵੱਲੋਂ ਦਵਿੰਦਰ ਸਿੰਘ ਪੂਨੀਆ (ਡੀਟੀਐਫ), ਸੁਖਵਿੰਦਰ ਸਿੰਘ ਚਹਿਲ (ਜੀਟੀਯੂ), ਰਾਮਿੰਦਰ ਪਟਿਆਲਾ (ਕਨਵੀਨਰ ਲੋਕ ਸੰਘਰਸ਼ ਕਮੇਟੀ, ਪਟਿਆਲਾ), ਗੁਰਮੁੱਖ ਸਿੰਘ (ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ) ਨੇ ਬੇਰੁਜ਼ਗਾਰਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਕਰਦਿਆਂ ਹਰ ਸੰਭਵ ਮਦਦ ਕਰਨ ਦਾ ਐਲਾਨ ਕੀਤਾ ਹੈ।
INDIA ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪਟਿਆਲਾ-ਸੰਗਰੂਰ ਸੜਕ ਜਾਮ