ਬਠਿੰਡਾ ਖੇਤਰ ਵਿੱਚ ਅੱਜ ਆਏ ਤੇਜ਼ ਝੱਖੜ ਤੇ ਮੀਂਹ ਕਾਰਨ ਝੋਨੇ ਤੇ ਨਰਮੇ ਦੀ ਫ਼ਸਲ ਨੂੰ ਨੁਕਸਾਨ ਪੁੱਜਿਆ ਹੈ। ਅੱਜ ਦੁਪਹਿਰ ਤੇਜ਼ ਬਾਰਸ਼ ਕਾਰਨ ਬਠਿੰਡਾ ਦੇ ਨਜ਼ਦੀਕੀ ਪਿੰਡ ਗਿੱਲ ਪੱਤੀ, ਭੋਖੜਾ, ਅਮਰਗੜ੍ਹ, ਹਰਰਾਏਪੁਰ, ਜੰਡਾਂ ਵਾਲਾ, ਗੋਨਿਆਣਾ ਕਲਾਂ, ਗੋਨਿਆਣਾ ਖ਼ੁਰਦ ਤੇ ਨੇਹੀਆਂ ਵਾਲਾ ਆਦਿ ਅੱਧੀ ਦਰਜਨ ਪਿੰਡਾਂ ਵਿੱਚ ਭਾਰੀ ਮੀਂਹ ਅਤੇ ਝੱਖੜ ਨੇ ਝੋਨੇ ਤੇ ਨਰਮੇ ਦੀ ਪੱਕੀਆਂ ਹੋਈਆਂ ਫ਼ਸਲਾਂ ਨੂੰ ਪ੍ਰਭਾਵਿਤ ਕੀਤਾ ਜਿਸ ਕਾਰਨ ਇਸ ਬੇਮੌਸਮੇ ਮੀਂਹ ਤੋਂ ਕਿਸਾਨ ਨਾਖ਼ੁਸ਼ ਨਜ਼ਰ ਆਏ। ਖੇਤੀਬਾੜੀ ਵਿਭਾਗ ਨੇ ਇਸ ਮੀਂਹ ਨੂੰ ਕਿਸਾਨ ਲਈ ਘਾਟੇ ਦਾ ਸੌਦਾ ਕਰਾਰ ਦਿੱਤਾ ਹੈ। ਖੇਤੀਬਾੜੀ ਵਿਭਾਗ ਦੇ ਸਬ ਇੰਸਪੈਕਟਰ ਤਾਰਾ ਸਿੰਘ ਦਾ ਕਹਿਣਾ ਹੈ ਕਿ ਉਹ ਭਲਕੇ ਮੀਂਹ ਨਾਲ ਪ੍ਰਭਾਵਿਤ ਖੇਤਾਂ ਦੌਰਾ ਕਰ ਕੇ ਰਿਪੋਰਟ ਤਿਆਰ ਕਰਨਗੇ।
ਉੱਧਰ ਯੂਨੀਵਰਸਿਟੀ ਦੇ ਖੇਤਰ ਕੈਂਪਸ ਦੇ ਮੌਸਮ ਵਿਭਾਗ ਅਨੁਸਾਰ ਅੱਜ ਦੀ ਬਾਰਸ਼ 22 ਐੱਮ.ਐੱਮ. ਮਾਪੀ ਗਈ। ਮੀਂਹ ਨੇ ਨਗਰ ਨਿਗਮ ਬਠਿੰਡਾ ਦੇ ਪ੍ਰਬੰਧਾਂ ਦੀ ਇੱਕ ਵਾਰ ਫੇਰ ਫ਼ੂਕ ਕੱਢ ਕੇ ਰੱਖ ਦਿੱਤੀ, ਅੱਜ ਮੀਂਹ ਕਾਰਨ ਬਠਿੰਡਾ ਦੀ ਪਾਵਰ ਹਾਊਸ ਰੋਡ, ਮਿਨੀ ਸਕੱਤਰੇਤ ਖੇਤਰ, ਪਰਸਰਾਮ ਨਗਰ, ਪ੍ਰਤਾਪ ਨਗਰ, ਗਣੇਸਾ ਬਸਤੀ, ਸਿਰਕੀ ਬਾਜ਼ਾਰ, ਅਮਰੀਕ ਸਿੰਘ ਰੋਡ ’ਤੇ ਮੀਂਹ ਦਾ ਪਾਣੀ ਖੜਨ ਕਾਰਨ ਰਾਹਗੀਰ ਮੀਂਹ ਵਿਚ ਬੁਰੀ ਤਰ੍ਹਾਂ ਫਸ ਗਏ ਅਤੇ ਰਿਕਸ਼ਾ ਚਾਲਕਾਂ ਵੱਲੋਂ ਕਾਫ਼ੀ ਮਸ਼ੱਕਤ ਨਾਲ ਲੋਕਾਂ ਨੂੰ ਘਰਾਂ ਪਹੁੰਚਾਇਆ ਅਤੇ ਨੀਵੇਂ ਖੇਤਰਾਂ ਸਲੱਮ ਬਸਤੀਆਂ ਦੇ ਇਲਾਕੇ ਵੀ ਪ੍ਰਭਾਵਿਤ ਹੋਏ।
INDIA ਬੇਮੌਸਮੇ ਮੀਂਹ ਤੇ ਝੱਖੜ ਕਾਰਨ ਫ਼ਸਲਾਂ ਦਾ ਨੁਕਸਾਨ