ਬੇਮੌਸਮੀ ਮੀਂਹ ਅਤੇ ਝੱਖੜ ਕਾਰਨ ਕੱਲ੍ਹ ਸ਼ਾਮ ਨੂੰ ਹੋਈ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਤੇਜ਼ ਮੀਂਹ ਅਤੇ ਝੱਖੜ ਕਾਰਨ ਕਿਸਾਨਾਂ ਵੱਲੋਂ ਜੋ ਕਣਕ ਦੀ ਮਹਿੰਗੇ ਭਾਅ ਦੇ ਬੀਜਾਂ ਅਤੇ ਖਾਦਾਂ ਵਰਤ ਕੇ ਬਿਜਾਈ ਕੀਤੀ ਗਈ ਸੀ, ਉਹ ਕਰੰਡ ਹੋ ਗਈ ਹੈ।
ਖੇਤਾਂ ਵਿੱਚ ਖੜ੍ਹੀ ਝੋਨੇ ਦੀ ਪੱਕੀ ਫਸਲ ਦਾ ਵੀ ਨੁਕਸਾਨ ਹੋਇਆ ਹੈ। ਤੇਜ ਝੱਖਣ ਨੇ ਜਿੱਥੇ ਕਿਸਾਨਾਂ ਦੇ ਨਰਮੇ ਮਧੋਲ ਦਿੱਤੇ ਹਨ ਉੱਥੇ ਮੱਕੀ ਦੀ ਫਸਲ ਦਾ ਵੀ ਨੁਕਸਾਨ ਹੋਇਆ ਹੈ। ਕਿਸਾਨਾਂ ਦੀ ਵੇਚਣ ਲਈ ਮੰਡੀਆਂ ਵਿੱਚ ਪਈ ਝੋਨੇ ਦੀ ਫਸਲ ਵੀ ਮੀਂਹ ਕਾਰਨ ਭਿੱਜ ਗਈ ਹੈ। ਝੱਖੜ ਕਾਰਨ ਪਿੰਡ ਤਿਉਣਾ ਦੇ ਕਿਸਾਨ ਮੋਹਤਮ ਸਿੰਘ ਦੀ ਮੱਕੀ ਦੀ ਫਸਲ ਜੜ੍ਹੋਂ ਪੁੱਟੀ ਗਈ ਹੈ। ਇਸ ਤੋਂ ਇਲਾਵਾ ਕਿਸਾਨ ਜਸਕਰਨ ਸਿੰਘ ਦੀ 9 ਏਕੜ ਕਣਕ ਅਤੇ ਜਸਵੰਤ ਸਿੰਘ ਦੀ 4 ਏਕੜ ਤੋਂ ਇਲਾਵਾ ਹੋਰਨਾ ਕਈ ਕਿਸਾਨਾਂ ਦੀ ਕਣਕ ਕਰੰਡ ਹੋ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਸਲਾਹਕਾਰ ਜਗਸੀਰ ਸਿੰਘ ਝੁੰਬਾ ਨੇ ਸਰਕਾਰ ਤੋਂ ਬੇਮੌਸਮੀ ਬਾਰਿਸ਼ ਹੋਣ ਕਾਰਨ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਡੀਜ਼ਲ ਤੋਂ ਇਲਾਵਾ ਬੀਜ ਅਤੇ ਖਾਦਾਂ ਦਾ ਖਰਚ ਤੁਰੰਤ ਦੇਵੇ।
INDIA ਬੇਮੌਸਮੀ ਮੀਂਹ ਨੇ ਕਣਕ ਤੇ ਮੱਕੀ ਦੀ ਫ਼ਸਲ ਨੁਕਸਾਨੀ