(ਸਮਾਜ ਵੀਕਲੀ)
ਪੰਜਾਬੀ ਦੀ ਇਹ ਕਹਾਵਤ “ਚੱਲਦੀ ਗੱਡੀ ਦੇ ਮਿੱਤ ਸਾਰੇ ਖੜ੍ਹੀ ਨੂੰ ਨੀ ਕੋਈ ਪੁੱਛਦਾ” 49 ਸਾਲਾਂ ਦੇ ਉਸ ਬਿਮਾਰ ਗੁਰਪ੍ਰੀਤ ਸਿੰਘ ਤੇ ਪੂਰੀ ਢੁੱਕਦੀ ਹੈ ਜਿਸ ਨੇ ਇੱਕੋ ਕਮਰੇ ਵਿੱਚ ਪਏ ਹੋਣ ਕਰਕੇ ਪਿਛਲੇ ਦੋ ਸਾਲਾਂ ਤੋਂ ਸੂਰਜ ਵੀ ਨਹੀਂ ਸੀ ਦੇਖਿਆ । ਗੁਰੂ ਅਮਰ ਦਾਸ ਅਪਾਹਾਜ ਆਸ਼ਰਮ (ਸਰਾਭਾ) ਦੇ ਪ੍ਰਧਾਨ ਚਰਨ ਸਿੰਘ ਅਤੇ ਸੇਵਾਦਾਰਾਂ ਨੇ ਲੁਧਿਆਣਾ ਸ਼ਹਿਰ ਵਿੱਚ ਪੈਂਦੇ ਲੁਹਾਰਾ ਪਿੰਡ ਜਾ ਕੇ ਇਸ ਬਿਮਾਰ ਵਿਅਕਤੀ ਨੂੰ ਕਮਰੇ ਵਿੱਚੋਂ ਚੁੱਕ ਕੇ ਬਾਹਰ ਕੱਢਿਆ ਅਤੇ ਆਸ਼ਰਮ ਵਿੱਚ ਲੈ ਆਏ।
ਗੁਰਪ੍ਰੀਤ ਸਿੰਘ ਟੈਂਪੂ ਚਲਾਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਪਰ ਐਕਸੀਡੈਂਟ ਹੋਣ ਤੋਂ ਬਾਅਦ ਆਮਦਨ ਬੰਦ ਹੋ ਗਈ । ਇਲਾਜ ਤੇ ਕਾਫ਼ੀ ਪੈਸਾ ਲਾਇਆ ਪਰ ਗੁਰਪ੍ਰੀਤ ਸਿੰਘ ਤੁਰਨ ਜੋਗਾ ਨਾ ਹੋ ਸਕਿਆ। ਜਿਸ ਕਰਕੇ ਘਰ ਅਤੇ ਟੈਂਪੂ ਦੋਨੋਂ ਵੇਚਣੇ ਪਏ । ਆਪ ਪਰਿਵਾਰ ਸਮੇਤ ਲੁਹਾਰਾ ਪਿੰਡ ਕੋਲ ਇੱਕ ਮਜ਼ਦੂਰ ਬਸਤੀ ਵਿੱਚ ਕਿਰਾਏ ਤੇ ਰਹਿਣ ਲੱਗ ਪਿਆ । ਬੱਚੇ ਛੋਟੇ ਹੋਣ ਕਾਰਨ ਪਰਿਵਾਰ ਵਿੱਚ ਕਮਾਊ ਕੋਈ ਨਾ ਰਿਹਾ । ਘਰ ਵਿੱਚ ਕਲੇਸ਼ ਹੋਣ ਲੱਗ ਪਿਆ ਅਤੇ ਸੱਤ ਸਾਲ ਪਹਿਲਾਂ ਪਤਨੀ ਨਾਲ ਤਲਾਕ ਹੋ ਗਿਆ । ਉਹ ਦੋ ਕੁੜੀਆਂ ਨੂੰ ਲੈ ਕੇ ਕਿਤੇ ਹੋਰ ਕਿਰਾਏ ਤੇ ਰਹਿਣ ਲੱਗ ਪਈ । ਲੜਕੀਆਂ ਨੇ ਵੀ ਸੱਤ ਸਾਲ ਤੋਂ ਕਦੇ ਆਪਣੇ ਪਿਤਾ ਦੀ ਸਾਰ ਨਹੀਂ ਲਈ। ਗੁਰਪ੍ਰੀਤ ਸਿੰਘ ਦਾ ਲੜਕਾ ਜੋ ਕਿ ਇਸ ਦੇ ਨਾਲ ਰਹਿੰਦਾ ਸੀ, ਉਹ ਵੀ ਨਸ਼ਿਆ ਵਿੱਚ ਪੈ ਗਿਆ ਅਤੇ ਦੋ ਸਾਲ ਪਹਿਲਾਂ ਇਸ ਨੂੰ ਛੱਡ ਕੇ ਚਲਿਆ ਗਿਆ। ਮਾਲਕ ਮਕਾਨ ਨੇ ਇਸ ਨੂੰ ਸੜਕ ਤੇ ਕੱਢਣ ਦੀ ਵਜਾਏ ਤਰਸ ਖਾ ਕੇ ਇੱਕ ਛੋਟਾ ਜਿਹਾ ਕਮਰਾ ਰਹਿਣ ਲਈ ਮੁਫ਼ਤ ਦੇ ਦਿੱਤਾ । ਰੋਟੀ-ਪਾਣੀ ਗੁਆਂਢੀ ਦੇ ਦਿੰਦੇ ਸੀ। ਪਰ ਹੁਣ ਆਸ਼ਰਮ ਵਿੱਚ ਆਉਣ ਤੋਂ ਬਾਅਦ ਗੁਰਪ੍ਰੀਤ ਸਿੰਘ ਬਹੁਤ ਖੁਸ਼ ਹੈ । ਇੱਥੇ ਨਿਸ਼ਕਾਮ ਸੇਵਾ-ਸੰਭਾਲ ਤੋਂ ਇਲਾਵਾ ਮੈਡੀਕਲ ਸਹਾਇਤਾ ਸਮੇਤ ਹਰ ਵਸਤੂ ਮੁਫ਼ਤ ਮਿਲਦੀ ਹੈ।
ਆਸ਼ਰਮ ਦੇ ਸੰਸਥਾਪਕ ਡਾ. ਨੌਰੰਗ ਸਿੰਘ ਮਾਂਗਟ ਅਤੇ ਪ੍ਰਧਾਨ ਚਰਨ ਸਿੰਘ ਨੇ ਦੱਸਿਆ ਕਿ ਇਸ ਆਸ਼ਰਮ ਵਿੱਚ ਡੇਢ ਸੌ ਦੇ ਕਰੀਬ ਅਪਾਹਜ, ਨੇਤਰਹੀਣ, ਦਿਮਾਗੀ ਸੰਤੁਲਨ ਗੁਆ ਚੁੱਕੇ, ਅਧਰੰਗ, ਸ਼ੂਗਰ, ਏਡਜ਼, ਕਾਲਾ ਪੀਲੀਆ, ਟੀ.ਬੀ. ਆਦਿ ਨਾਲ ਪੀੜਤ ਮਰੀਜ਼ ਰਹਿੰਦੇ ਹਨ । ਇਹ ਸਾਰੇ ਹੀ ਲਾਵਾਰਸ, ਬੇਘਰ ਅਤੇ ਬੇਸਹਾਰਾ ਹਨ। ਇਹਨਾਂ ਵਿੱਚੋਂ 60-70 ਮਰੀਜ਼ ਅਜਿਹੇ ਹਨ ਜਿਹੜੇ ਪੂਰੀ ਹੋਸ਼-ਹਵਾਸ਼ ਨਾ ਹੋਣ ਕਾਰਨ ਮਲ-ਮੂਤਰ ਕੱਪੜਿਆਂ ਵਿੱਚ ਹੀ ਕਰਦੇ ਹਨ ਅਤੇ ਆਪਣਾ ਨਾਉਂ ਜਾਂ ਘਰ-ਬਾਰ ਵਾਰੇ ਵੀ ਨਹੀਂ ਦੱਸ ਸਕਦੇ। ਇਹਨਾਂ ਮਰੀਜ਼ਾਂ ਦੀ ਸੇਵਾ-ਸੰਭਾਲ ਮੁਫ਼ਤ ਕੀਤੀ ਜਾਂਦੀ ਹੈ। ਆਸ਼ਰਮ ਦਾ ਲੱਖਾਂ ਰੁਪਏ ਮਹੀਨੇ ਦਾ ਖ਼ਰਚਾ ਸੰਗਤਾਂ ਦੇ ਸਹਿਯੋਗ ਨਾਲ ਹੀ ਚਲਦਾ ਹੈ।