ਗ੍ਰੰਥੀ ਨੇ ਡਰ ਦੇ ਮਾਰੇ ਘੜੀ ਸੀ ਬੇਅਦਬੀ ਦੀ ਕਹਾਣੀ
ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਮਲੇਰਕੋਟਲਾ ਦੇ ਪਿੰਡ ਹਥੋਆ ਦੇ ਗੁਰਦਵਾਰਾ ਸਾਹਿਬ ’ਚ ਬੇਅਦਬੀ ਦੀ ਘਟਨਾ ਨਹੀਂ ਵਾਪਰੀ ਸਗੋਂ ਗੁਰਦੁਆਰਾ ਸਾਹਿਬ ਵਿੱਚ ਅਚਾਨਕ ਅੱਗ ਲੱਗ ਗਈ ਸੀ ਜਿਸ ਉਪਰੰਤ ਆਪਣੀ ਨੌਕਰੀ ਅਤੇ ਕੁਤਾਹੀ ਲਈ ਜ਼ਿੰਮੇਵਾਰ ਠਹਿਰਾਏ ਜਾਣ ਦੇ ਡਰੋਂ ਗ੍ਰੰਥੀ ਸਿੰਘ ਨੇ ਝੂਠੀ ਕਹਾਣੀ ਘੜ ਦਿੱਤੀ। ਸਰਕਾਰ ਦਾ ਕਹਿਣਾ ਹੈ ਕਿ ਇਹ ਮਾਮਲਾ ਚੰਡੀਗੜ੍ਹ, ਲੁਧਿਆਣਾ ਅਤੇ ਸੰਗਰੂਰ ਦੀਆਂ ਫੋਰੈਂਸਿਕ ਮਾਹਿਰ ਟੀਮਾਂ ਦੇ ਠੋਸ ਅਤੇ ਸਾਂਝੇ ਉਪਰਾਲੇ ਸਦਕਾ ਹੱਲ ਹੋਇਆ ਜਿਸ ਵਿੱਚ ਪੰਜਾਬ ਪੁਲੀਸ ਵੱਲੋਂ ਮੁੰਬਈ ਤੋਂ ਤੋਂ ਗੋਪਾਲ ਰੇਲਕਰ ਦੀ ਅਗਵਾਈ ਹੇਠ ਲਿਆਂਦੀ ਮਾਹਿਰਾਂ ਦੀ ਟੀਮ ਦਾ ਵੀ ਲੋੜੀਂਦਾ ਸਹਿਯੋਗ ਲਿਆ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਰੇਂਜ ਦੇ ਆਈ.ਜੀ ਏ.ਐਸ. ਰਾਏ ਅਤੇ ਸੰਗਰੂਰ ਦੇ ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਗਰਗ ਦੀ ਅਗਵਾਈ ਹੇਠ ਟੀਮਾਂ ਵੱਲੋਂ ਕੀਤੇ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਦੇ ਰਾਜ ਵਿੱਚ ਬੇਅਦਬੀ ਦਾ ਕੋਈ ਵੀ ਮਾਮਲਾ ਹੱਲ ਨਹੀਂ ਹੋਇਆ ਸੀ ਜਿਨ੍ਹਾਂ ਕਰ ਕੇ 2015 ਵਿੱਚ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ। ਪੁਲੀਸ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਪਿੰਡ ਹਥੋਆ ਦੇ ਗੁਰਦਆਰਾ ਸਾਹਿਬ ਦੇ ਅੰਦਰ ਕੰਧ ’ਤੇ ਲੱਗਾ ਪੱਖਾ ਗਰਮ ਹੋ ਜਾਣ ਕਾਰਨ ਅਚਾਨਕ ਅੱਗ ਲੱਗ ਗਈ। ਪੱਖੇ ਦੇ ਦੁਆਲੇ ਲੱਗਾ ਪੀ.ਵੀ.ਸੀ. ਦਾ ਕਵਰ ਅੱਗ ਦੀ ਲਪੇਟ ਵਿੱਚ ਆ ਗਿਆ ਅਤੇ ਸੰਤਰੀ ਪਰਨਾ ਜਿਸ ਨਾਲ ਪੱਖਾ ਬੰਨ੍ਹਿਆ ਹੋਇਆ ਸੀ ਤੇ ਜੋ ਅੱਗੇ ਪਾਲਕੀ ਸਾਹਿਬ ਦੇ ਕੌਲੇ ਨਾਲ ਬੱਝਾ ਸੀ, ਨੂੰ ਵੀ ਅੱਗ ਪੈ ਗਈ। ਅੱਗ ਪੈਣ ਉਪਰੰਤ ਦੋਵੇਂ ਪੱਖੇ ਅਤੇ ਪਰਨਾ ਫਰਸ਼ ’ਤੇ ਵਿਛਾਏ ਗਲੀਚੇ ’ਤੇ ਜਾ ਡਿੱਗੇ ਜਿਸ ਨਾਲ ਅੱਗ ਫੈਲਦੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਲੱਗ ਗਈ। ਬੁਲਾਰੇ ਨੇ ਦੱਸਿਆ ਕਿ ਜਦੋਂ ਫੋਰੈਂਸਿਕ ਟੀਮਾਂ ਨੇ ਗ੍ਰੰਥੀ ਜੋਗਾ ਸਿੰਘ ਤੋਂ ਪੁੱਛਗਿੱਛ ਕੀਤੀ ਅਤੇ ਸਬੂਤਾਂ ਬਾਰੇ ਜਾਣਕਾਰੀ ਮੰਗੀ ਤਾਂ ਉਸ ਨੇ ਮੰਨਿਆ ਕਿ ਉਸ ਨੇ ਖੁਦ ਹੀ ਸਾਰੀ ਕਹਾਣੀ ਘੜੀ ਸੀ। ਉਸ ਨੇ ਜਾਂਚ ਟੀਮ ਨੂੰ ਦੱਸਿਆ ਕਿ ਉਸ ਨੂੰ ਡਰ ਸੀ ਕਿ ਪਿੰਡ ਵਾਸੀ ਉਸ ’ਤੇ ਕੋਤਾਹੀ ਦਾ ਦੋਸ਼ ਲਗਾ ਕੇ ਉਸ ਨੂੰ ਨੌਕਰੀ ਤੋਂ ਨਾ ਕੱਢ ਦੇਣ ਜੋ ਕਿ ਚਾਰ ਜੀਆਂ ਵਾਲੇ ਉਸ ਦੇ ਪਰਿਵਾਰ ਦੀ ਆਮਦਨੀ ਦਾ ਇਕੋ-ਇਕ ਵਸੀਲਾ ਹੈ। ਕੁਝ ਗਰਮਖਿਆਲੀਆਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਅਤੇ ਮੌਕੇ ਦਾ ਲਾਹਾ ਲੈਣ ਨੇ ਵੀ ਗ੍ਰੰਥੀ ਸਿੰਘ ਨੂੰ ਸ਼ੱਕ ਦੇ ਘੇਰੇ ਵਿੱਚ ਨਹੀਂ ਆਉਣ ਦਿੱਤਾ। ਪੁਲੀਸ ਪਾਰਟੀ ਜੋ ਕਿ ਘਟਨਾ ਦੀ ਖਬਰ ਮਿਲਦੇ ਸਾਰ ਤੁਰੰਤ ਗੁਰਦਵਾਰਾ ਸਾਹਿਬ ਵਿਖੇ ਪਹੁੰਚ ਗਈ ਸੀ, ਦੀ ਪੁੱਛਗਿੱਛ ਤੋਂ ਡਰਦਿਆਂ ਗ੍ਰੰਥੀ ਨੇ ਲੋਕਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੋਲ ਸਾਰੀ ਗੱਲ ਮੰਨ ਲਈ। ਉਸ ਨੇ ਪ੍ਰਧਾਨ ਨੂੰ ਦੱਸਿਆ ਕਿ ਉਸ ਨੇ ਇਕ ਆਰਜ਼ੀ ਪੱਖਾ ਟੰਗਿਆ ਸੀ ਜਿਸ ਨੂੰ ਅੱਗ ਪੈ ਗਈ। ਉਸ ਨੇ ਪੁਲੀਸ ਨੂੰ ਅੱਧ ਸੜਿਆ ਕੱਪੜਾ ਅਤੇ ਪੱਖੇ ਦੀ ਮੋਟਰ ਵੀ ਦਿਖਾਈ ਜੋ ਕਿ ਉਸ ਨੇ ਗੁਰਦੁਆਰਾ ਸਾਹਿਬ ਵਿਚਲੇ ਆਪਣੇ ਘਰ ਦੇ ਪਿੱਛੇ ਲੁਕਾਉਣ ਦੀ ਕੋਸ਼ਿਸ਼ ਕੀਤੀ।