ਫ਼ਰੀਦਕੋਟ/ਜੈਤੋ (ਸਮਾਜਵੀਕਲੀ) : ਜੂਨ-2015 ਵਿੱਚ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਦੇ ਮਾਮਲੇ ਵਿੱਚ ਸੱਤ ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਜਾਂਚ ਕਰ ਰਹੀ ਵਿਸ਼ੇਸ਼ ਟੀਮ ਦੀ ਅਗਵਾਈ ਡੀਆਈਜੀ ਰਣਬੀਰ ਸਿੰਘ ਖੱਟੜਾ ਕਰ ਰਹੇ ਹਨ ਤੇ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਡੇਰਾ ਪ੍ਰੇਮੀਆਂ ਵੱਲੋਂ ਹੀ ਗੁਰੂ ਗ੍ਰੰਥ ਸਾਹਿਬ ਚੋਰੀ ਕੀਤਾ ਗਿਆ ਸੀ।
ਗ੍ਰਿਫ਼ਤਾਰੀ ਤੋਂ ਕੁਝ ਘੰਟੇ ਬਾਅਦ ਡਿਊਟੀ ਮੈਜਿਸਟਰੇਟ ਨੇ ਡੇਰਾ ਪ੍ਰੇਮੀ ਸ਼ਕਤੀ ਸਿੰਘ ਅਤੇ ਸੁਖਜਿੰਦਰ ਸਿੰਘ ਉਰਫ਼ ਸਨੀ ਦੀ ਗ੍ਰਿਫ਼ਤਾਰੀ ਨੂੰ ਗ਼ੈਰਕਾਨੂੰਨੀ ਐਲਾਨ ਦਿੱਤਾ। ਸੂਤਰਾਂ ਅਨੁਸਾਰ ਸੁਖਜਿੰਦਰ ਸਿੰਘ ਸਨੀ ਅਤੇ ਸ਼ਕਤੀ ਸਿੰਘ ਨੂੰ ਸੀ.ਬੀ.ਆਈ ਵੱਲੋਂ ਇਸੇ ਮਾਮਲੇ ਵਿੱਚ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੀ.ਬੀ.ਆਈ ਮੁਹਾਲੀ ਦੀ ਅਦਾਲਤ ਨੇ 7 ਸਤੰਬਰ 2018 ਨੂੰ ਇਨ੍ਹਾਂ ਦੋਵਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਸੀ।
ਅਦਾਲਤ ਨੂੰ ਦੱਸਿਆ ਗਿਆ ਕਿ ਜ਼ਮਾਨਤ ਮਿਲਣ ਤੋਂ ਬਾਅਦ ਉਸੇ ਮੁਕੱਦਮੇ ਵਿੱਚ ਮੁਲਜ਼ਮ ਨੂੰ ਦੁਬਾਰਾ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਦੋਵਾਂ ਨੂੰ ਪੁਲੀਸ ਹਿਰਾਸਤ ਵਿੱਚੋਂ ਤੁਰੰਤ ਰਿਹਾਅ ਕਰਨ ਦਾ ਹੁਕਮ ਦਿੱਤਾ। ਜਦਕਿ ਬਾਕੀ ਦੇ ਪੰਜ ਗ੍ਰਿਫ਼ਤਾਰ ਡੇਰਾ ਪ੍ਰੇਮੀਆਂ ਨੂੰ ਅਦਾਲਤ ਨੇ ਦੋ ਦਿਨ ਲਈ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਡੀ.ਆਈ.ਜੀ. ਖੱਟੜਾ ਨੇ ਅਦਾਲਤ ਵਿਚ ਸੁਣਵਾਈ ਤੋਂ ਪਹਿਲਾਂ ਦੱਸਿਆ ਕਿ ਟੀਮ ਵੱਲੋਂ ਗ੍ਰਿਫ਼ਤਾਰ ਸ਼ਕਤੀ ਸਿੰਘ, ਸੁਖਜਿੰਦਰ ਸਿੰਘ, ਰਣਦੀਪ ਸਿੰਘ ਉਰਫ਼ ਨੀਲਾ, ਰਣਜੀਤ ਸਿੰਘ ਉਰਫ਼ ਭੋਲਾ, ਬਲਜੀਤ ਸਿੰਘ ਅਤੇ ਨਿਸ਼ਾਨ ਸਿੰਘ ਸਾਰੇ ਫ਼ਰੀਦਕੋਟ ਜ਼ਿਲ੍ਹੇ ਦੇ ਵਸਨੀਕ ਹਨ।
ਡੀ.ਆਈ.ਜੀ. ਨੇ ਦਾਅਵਾ ਕੀਤਾ ਕਿ ਸੁਖਜਿੰਦਰ ਸਿੰਘ ਉਰਫ਼ ਸਨੀ ਅਤੇ ਰਣਦੀਪ ਸਿੰਘ ਉਰਫ਼ ਨੀਲਾ ਨੇ ਬੁਰਜ ਜਵਾਹਰ ਸਿੰਘ ਵਾਲਾ ਵਿਚੋਂ ਗੁਰੂ ਗ੍ਰੰਥ ਸਾਹਿਬ ਚੋਰੀ ਕੀਤਾ ਸੀ ਅਤੇ ਬਾਕੀ ਮੁਲਜ਼ਮ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਸਨ। ਜਾਣਕਾਰੀ ਅਨੁਸਾਰ ਸਿੱਖ ਸੰਗਤ ਡੇਰਾ ਮੁਖੀ ਦੀ ਫ਼ਿਲਮ ਐੱਮ.ਐੱਸ.ਜੀ-2 ਨੂੰ ਪੰਜਾਬ ਵਿੱਚ ਰਿਲੀਜ਼ ਕਰਨ ਦਾ ਵਿਰੋਧ ਕਰ ਰਹੀ ਸੀ ਕਿਉਂਕਿ ਉਸ ਨੇ ਸਿੱਖਾਂ ਦੇ ਦਸਵੇਂ ਗੁਰੂ ਦਾ ਸਵਾਂਗ ਰਚਿਆ ਸੀ।
ਇਸੇ ਰੰਜਿਸ਼ ਤਹਿਤ ਸਿੱਖਾਂ ਦੇ ਧਾਰਮਿਕ ਗ੍ਰੰਥ ਨੂੰ ਚੋਰੀ ਕੀਤਾ ਗਿਆ। ਜਾਂਚ ਟੀਮ ਨੇ ਅਦਾਲਤ ਵਿਚ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਚੋਰੀ ਕਰਨ ਅਤੇ ਇਸ ਦੇ ਅੰਗ ਗਲੀਆਂ ਵਿੱਚ ਖਿਲਾਰਨ, ਪਿੰਡ ਬਰਗਾੜੀ ਵਿੱਚ ਇਤਰਾਜ਼ਯੋਗ ਪੋਸਟਰ ਲਾਉਣ ਦੇ ਤਿੰਨਾਂ ਮਾਮਲਿਆਂ ਦੀ ਪੜਤਾਲ ਸਰਗਰਮੀ ਨਾਲ ਸ਼ੁਰੂ ਹੋ ਗਈ ਹੈ। ਇਨ੍ਹਾਂ ਘਟਨਾਵਾਂ ਤੋਂ ਬਾਅਦ ਹੀ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਵਾਪਰਿਆ ਸੀ।
ਸੂਤਰਾਂ ਅਨੁਸਾਰ ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਮਈ 2007 ਵਿਚ ਸਲਾਬਤਪੁਰਾ ਡੇਰੇ ’ਚ ਡੇਰਾ ਮੁਖੀ ਵੱਲੋਂ ਜਾਮ-ਏ-ਇੰਸਾਂ ਪਿਲਾਏ ਜਾਣ ਦਾ ਪ੍ਰੋਗਰਾਮ ਵੀ ਡੇਰੇ ਦੀ ਕਮੇਟੀ ਵੱਲੋਂ ਯੋਜਨਾਬੱਧ ਤਰੀਕੇ ਨਾਲ ਤਿਆਰ ਕੀਤਾ ਗਿਆ ਸੀ। ਸਿੱਖ ਪ੍ਰਚਾਰਕਾਂ ਵੱਲੋਂ ਡੇਰਾਵਾਦ ਖ਼ਿਲਾਫ਼ ਕੀਤੇ ਜਾਂਦੇ ਪ੍ਰਚਾਰ ਨੂੰ ਨਾ-ਪਸੰਦ ਕਰਨ ਵਾਲਿਆਂ ਵੱਲੋਂ ਰਚੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਖ਼ਤਮ ਕਰਨ ਦੀ ‘ਸਾਜ਼ਿਸ਼’ ਵੀ ਨਾਕਾਮ ਹੋ ਗਈ ਸੀ।