ਕੋਟਕਪੂਰਾ- ਇਥੇ ਬੱਤੀਆਂ ਵਾਲਾ ਚੌਕ ’ਚ ਕਰੀਬ ਸਾਢੇ ਤਿੰਨ ਸਾਲ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ’ਚ ਕਾਰਵਾਈ ਦੀ ਮੰਗ ਲੈ ਕੇ ਸ਼ਾਂਤਮਈ ਰੋਸ ਧਰਨੇ ਉੱਤੇ ਬੈਠੀ ਸੰਗਤ ’ਤੇ ਪੁਲੀਸ ਵੱਲੋਂ ਗੋਲੀਆਂ ਚਲਾਉਣ ਕਾਰਨ ਦੋ ਸਿੱਖ ਸ਼ਹੀਦ ਹੋ ਗਏ ਸਨ। ਅੱਜ ਇਸ ਸਥਾਨ ਤੋਂ ਮੁਤਵਾਜ਼ੀ ਜਥੇਦਾਰ ਧਿਆਨ ਮੰਡ ਨੇ ਰੋਸ ਮਾਰਚ ਦੀ ਸ਼ੁਰੂਆਤ ਕੀਤੀ। ਉਲੀਕੇ ਪ੍ਰੋਗਰਾਮ ਮੁਤਾਬਕ ਇਹ ਰੋਸ ਮਾਰਚ ਬਰਗਾੜੀ ਹੁੰਦਾ ਹੋਇਆ ਤਖ਼ਤ ਸ੍ਰੀ ਦਮਦਮਾ ਸਾਹਿਬ ਭਲਵੰਡੀ ਸਾਬੋ ਵਿਖੇ ਪਹੁੰਚੇਗਾ।
ਰੋਸ ਮਾਰਚ ਦੇ ਪ੍ਰਬੰਧਕਾਂ ਵੱਲੋਂ ਵਾਰ-ਵਾਰ ਵੋਟਰਾਂ ਨੂੰ ਅਪੀਲ ਕੀਤੀ ਜਾ ਰਹੀ ਸੀ ਕਿ ਉਹ ਆਪਣਾ ਵੋਟ ਇਨ੍ਹ੍ਹਾਂ ਚੋਣਾਂ ਵਿੱਚ ‘ਬਾਦਲਾਂ’ ਨੂੰ ਨਾ ਪਾਉਣ, ਕਿਉਂਕਿ ਬਾਦਲਾਂ ਦੇ ਟੱਬਰ ਨੇ ਕਥਿਤ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਹੈ। ਇਸ ਦੌਰਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਦਰਸ਼ਨ ਸਿੰਘ ਦਲੇਰ, ਪਰਮਜੀਤ ਸਿੰਘ ਸਰਹੋਲੀ, ਬੂਟਾ ਸਿੰਘ ਤੇ ਹੋਰਨਾਂ ਨੇ ਆਖਿਆ ਕਿ ਬਾਦਲ ਪਰਿਵਾਰ ਨੇ ਆਪਣੇ ਸਿਆਸੀ ਹਿੱਤਾਂ ਲਈ ਪਹਿਲਾਂ ਕਥਿਤ ਆਰਐੱਸਐੱਸ ਦੇ ਕਹਿਣ ’ਤੇ ਹਿੰਦੂ-ਸਿੱਖਾਂ ਨੂੰ ਆਪਸ ਵਿੱਚ ਲੜਾਇਆ ਤੇ ਫਿਰ ਸਿੱਖਾਂ ਨੂੰ ਡੇਰੇ ਪ੍ਰੇਮੀਆਂ ਨਾਲ ਲੜਵਾ ਕੇ ਸੱਤਾ ਦਾ ਸੁੱਖ ਭੋਗਿਆ।
ਇਹ ਜਥੇਦਾਰ ਮੰਡ ਨੇ ਮੀਡੀਆ ਨੂੰ ਆਖਿਆ ਕਿ ਇਹ ਬਰਗਾੜੀ ਇਨਸਾਫ ਮੋਰਚੇ-2 ਦੀ ਸ਼ੁਰੂਆਤ ਹੈ। ਹੋਰਨਾਂ ਸਾਥੀਆਂ ਦੀ ਅੱਜ ਗੈਰਹਾਜ਼ਰੀ ਬਾਰੇ ਪੁੱਛੇ ਜਾਣ ਉਨ੍ਹਾਂ ਆਖਿਆ ਕਿ ਉਹ ਕਿਸੇ ਕਾਰਨਾਂ ਕਰਕੇ ਨਹੀਂ ਆ ਸਕੇ ਪਰ ਉਨ੍ਹਾਂ ਨਾਲ ਕੋਈ ਮੱਤਭੇਦ ਨਹੀਂ ਹੈ। ਉਨ੍ਹਾਂ ਆਖਿਆ ਕਿ ਪੰਜਾਬ ’ਚ ਰੋਸ ਮਾਰਚ ਜਾਰੀ ਰਹੇਗਾ। ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਨੂੰ ਸਮਰਥਨ ਦੇ ਇੱਕ ਬਿਆਨ ਬਾਰੇ ਉਨ੍ਹਾਂ ਇਹ ਕਹਿ ਕੇ ਟਾਲ ਦਿੱਤਾ ਕਿ ਇਸ ਬਾਰੇ ਰਾਜੋਆਣਾ ਹੀ ਬੇਹਤਰ ਦੱਸ ਸਕਦੇ ਹਨ। ਇਸ ਦੌਰਾਨ ਗੱਡੀ ’ਚ ਸਪੀਕਰ ਵਿੱਚ ਗੀਤ ਵੱਜ ਰਿਹਾ ਸੀ, ‘ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਬਦਲੀ ਕਾਹਤੋ ਕਰਵਾਈ ਜਾਲਮੋਂ।’ ਉਪਰੰਤ ਮੋਰਚੇ ਸ਼ਾਮਲ ਆਗੂ ਬਰਗਾੜੀ ਲਈ ਰਵਾਨਾ ਹੋ ਗਏ।
INDIA ਬੇਅਦਬੀ ਕਾਂਡ: ਬਾਦਲਾਂ ਨੂੰ ਵੋਟਾਂ ਨਾ ਪਾਉਣ ਦਾ ਸੱਦਾ