ਬੇਅਦਬੀ ਕਾਂਡ: ਬਾਦਲਾਂ ਤੇ ਸੈਣੀ ਦਾ ਪਾਸਪੋਰਟ ਜ਼ਬਤ ਹੋਵੇ: ਭਗਵੰਤ ਮਾਨ

ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਦਾ ਸ਼ਿਕੰਜਾ ਹੁਣ ਬਾਦਲਾਂ ਵੱਲ ਵਧ ਰਿਹਾ ਹੈ, ਜਿਸ ਕਰਕੇ ਸੁਖਬੀਰ ਸਿੰਘ ਬਾਦਲ ਵਿਦੇਸ਼ ਭੱਜਣ ਦੀ ਤਾਕ ਵਿੱਚ ਹੈ। ਇਸ ਕਰਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਦੇ ਸਾਬਕਾ ਪੁਲੀਸ ਮੁਖੀ ਸੁਮੇਧ ਸੈਣੀ ਦੇ ਪਾਸਪੋਰਟ ਜ਼ਬਤ ਕੀਤੇ ਜਾਣ। ਸ੍ਰੀ ਮਾਨ ਇਥੇ ਆਪਣੇ ਦਫ਼ਤਰ ਵਿਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ‘ਆਪ’ ਸ਼ੁਰੂ ਤੋਂ ਹੀ ਇਹ ਮੰਗ ਕਰ ਰਹੀ ਸੀ ਕਿ ਬਹਿਬਲ ਕਲਾਂ ਗੋਲੀ ਕਾਂਡ ਦਾ ਜਨਰਲ ਡਾਇਰ ਕੌਣ ਹੈ? ਹੁਣ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਅਤੇ ਸਾਬਕਾ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੀ ਗ੍ਰਿਫ਼ਤਾਰੀ ਮਗਰੋਂ ਇਹ ਭੇਤ ਖੁੱਲ੍ਹ ਜਾਵੇਗਾ ਕਿ ਸੰਗਤ ਉਪਰ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਬਕਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪਤਾ ਲੱਗ ਚੁੱਕਿਆ ਹੈ ਕਿ ਹੁਣ ਉਸ ਦੀ ਵਾਰੀ ਆਉਣ ਵਾਲੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵਿਦੇਸ਼ ਭੱਜਣ ਦੀ ਤਾਕ ਵਿਚ ਹੈ ਅਤੇ ਸੱਚਾਈ ਤੋਂ ਲੁਕਦਾ ਫ਼ਿਰਦਾ ਹੈ। ਇਸ ਕਰਕੇ ਭਾਵੇਂ ਅਦਾਲਤ ਰਾਹੀ ਐੱਸਆਈਟੀ ਨੂੰ ਦੋਵੇਂ ਬਾਦਲਾਂ ਅਤੇ ਸੁਮੇਧ ਸੈਣੀ ਦੇ ਪਾਸਪੋਰਟ ਆਪਣੇ ਕਬਜ਼ੇ ਵਿਚ ਲੈਣੇ ਚਾਹੀਦੇ ਹਨ। ਸ੍ਰੀ ਮਾਨ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 80ਵੇਂ ਦਹਾਕੇ ਵਾਲੇ ਸਿਆਸੀ ਦਾਅ ਪੇਚ ਖੇਡ ਰਹੇ ਹਨ ਅਤੇ ਆਖਦੇ ਹਨ ਕਿ ਜੇਲ੍ਹ ਜਾਣ ਲਈ ਉਹ ਕੱਪੜੇ ਨਾਲ ਚੁੱਕੀ ਫ਼ਿਰਦੇ ਹਨ। ਸ੍ਰੀ ਮਾਨ ਨੇ ਕਿਹਾ ਕਿ ਉਹ ਜ਼ਮਾਨਾ ਨਹੀਂ ਰਿਹਾ ਜਦੋਂ ਬਾਦਲ ਜਥੇਦਾਰਾਂ ਨੂੰ ਮਗਰ ਲਾ ਲੈਂਦੇ ਸਨ। ਹੁਣ ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਨਿਹੱਥੀ ਸੰਗਤ ਉਪਰ ਗੋਲੀ ਚਲਾਉਣ ਦਾ ਹੈ, ਜਿਸ ਨਾਲ ਸਮੁੱਚੀ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਸਨ। ਉਨ੍ਹਾਂ ਕਿਹਾ ਕਿ ਬਾਦਲ ਨੂੰ ਕੱਪੜੇ ਨਾਲ ਲਿਜਾਣ ਦੀ ਲੋੜ ਨਹੀਂ ਕਿਉਂਕਿ ਜੇਲ੍ਹ ਵਿਚ ਵਰਦੀ ਮੁਫ਼ਤ ਮਿਲਦੀ ਹੈ। ਸ੍ਰੀ ਮਾਨ ਨੇ ਕਿਹਾ ਕਿ ਭਾਵੇਂ ਬਾਦਲ ਗਲਤੀ ਮੰਨਦੇ ਹਨ ਪਰੰਤੂ ਦੱਸ ਨਹੀਂ ਰਹੇ ਕਿ ਕਿਹੜੀ ਗਲਤੀ ਦੀ ਮੁਆਫ਼ੀ ਮੰਗਦੇ ਹਨ। ਪਹਿਲਾਂ ਬਾਦਲ ਦਾ ਸਾਰਾ ਟੱਬਰ ਬਗੈਰ ਬੁਲਾਏ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋ ਕੇ ਮੁਆਫ਼ੀ ਮੰਗ ਆਇਆ। ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਬਾਦਲ ਹੁਣ ਲੋਕਾਂ ਤੋਂ ਫ਼ੋਕੀ ਹਮਦਰਦੀ ਲੈਣ ਦਾ ਯਤਨ ਕਰ ਰਹੇ ਹਨ ਪਰੰਤੂ ਹੁਣ ਲੋਕ ਗੁੰਮਰਾਹ ਹੋਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਅਖਤਿਆਰੀ ਕੋਟੇ ਦਾ 25 ਕਰੋੜ ਵੰਡ ਦਿੱਤਾ ਗਿਆ ਹੈ ਜਦੋਂ ਕਿ ਹਰਸਿਮਰਤ ਕੌਰ ਬਾਦਲ ਦਾ ਅਜੇ ਵੀ ਪੰਜ ਕਰੋੜ ਅਣਵੰਡਿਆ ਪਿਆ ਹੈ।

Previous articleਥਰਮਲ ਕਲੋਨੀ ਦੇ ਸਪੈਸ਼ਲ ਸਕੂਲ ’ਤੇ ਸੰਕਟ ਦੇ ਬੱਦਲ
Next articleਰੇਮੰਡ ਗਰੁੱਪ ਦੇ ਸਾਬਕਾ ਚੇਅਰਮੈਨ ਸਿੰਘਾਨੀਆ ਦੀ ਸਵੈਜੀਵਨੀ ’ਤੇ ਰੋਕ