ਜੋ ਬੋਲੇ ਸੋ ਗਦਾਰ /ਨ੍ਰਿਪਇੰਦਰ ਰਤਨ
ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ) ਪੰਜਾਬ ਦੀ ਇਹ ਹੋਣੀ ਜਾਂ ਅਣਹੋਣੀ ਹੈ, ਇਹ ਜਵਾਲਾਮੁਖੀ ਦੇ ਵਾਂਗ ਸਦਾ ਮੇਲਦਾ ਰਹਿੰਦਾ ਹੈ। ਇਹ ਬਿਗਾਨਿਆਂ ਦਾ ਘੱਟ ਤੇ ਆਪਣਾ ਪਿੰਡੇ ਨੂੰ ਵਧੇਰੇ ਸਾੜਦਾ ਹੈ। ਇਹ ਹਰ ਵੇਲੇ ਸੂਲ਼ੀ ਉੱਤੇ ਚੜ੍ਹਨ ਲਈ ਉਤਾਵਲਾ ਰਹਿੰਦਾ ਹੈ। ਇਸਨੂੰ ਹਵਾ ਲੱਗੀ ਨਹੀਂ ਤਾਂ ਇਹ ਭਾਂਬੜ ਬਣ ਜਾਂਦਾ ਹੈ। ਇਹ ਸਾਂਭੜ ਨਾਲ ਆਪਣੇ ਬੋਟ ਤੇ ਘਰ ਸਾੜ ਵਹਿੰਦਾ ਹੈ। ਫੇਰ ਦੋ ਚਾਰ ਦਹਾਕੇ ਅਤੀਤ ਨੂੰ ਯਾਦ ਕਰਕੇ ਕੀਰਨੇ ਪਾਉਂਦਾ ਹੈ। ਇਸਨੇ ਕਦੇ ਵੀ ਆਪਣੇ ਅਤੀਤ ਦਾ ਮੰਥਨ ਨਹੀਂ ਕੀਤਾ ਸਗੋਂ ਹਰ ਵਾਰ ਨਵੇਂ ਦੁੱਖ ਸਹੇੜੇ ਹਨ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਂ ਉੱਤੇ ਰੋਟੀਆਂ ਸੇਕਣ ਵਾਲਿਆਂ ਨੂੰ ਇਹ ਪਛਾਣ ਨਹੀਂ ਸਕਿਆ। ਇਸਨੂੰ ਪਹਿਚਾਣ ਹੀ ਨਹੀਂ ਕਿ ਕੌਣ ਇਸ ਦਾ ਹਮਦਰਦ ਤੇ ਦੁਸ਼ਮਣ ਹੈ। ਇਸੇ ਕਰਕੇ ਇਹ ਹਰ ਵਾਰ ਬਾਜ਼ੀ ਜਿੱਤ ਕੇ ਹਾਰ ਜਾਂਦਾ ਹੈ। ਇਸ ਦੀ ਬੁੱਕਲ ਦੇ ਯਾਰ ਹਮੇਸ਼ਾ ਗ਼ਦਾਰੀ ਕਰਦੇ ਹਨ। ਇਹ ਚੱਲ ਛੱਡ ਪਰੇ ਆਖ ਕੇ ਫਿਰ ਉੱਠਦਾ ਹੈ। ਕੁਕਨੂਸ ਦੀ ਨਸਲ ਦੇ ਵਿਚੋਂ ਹੋਣ ਕਰਕੇ ਇਹ ਮੁੜ ਜੀਵਤ ਹੋ ਜਾਂਦਾ ਹੈ। ਪੰਜਾਬ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਨਹੀਂ। ਇਸਨੂੰ ਤਾਂ ਫ਼ੁਕਰੇ ਗਾਇਕਾਂ ਤੇ ਫੁਕਰੀਆਂ ਮਾਰਨ ਦੀ ਬੀਮਾਰੀ ਲੱਗੀ ਹੋਈ ਹੈ। ਕਿਤਾਬਾਂ ਪੜ੍ਹਨ ਦਾ ਇਸ ਕੋਲ ਵਕਤ ਨਹੀਂ। ਜੇ ਕੋਈ ਕਿਤਾਬ ਪੜ੍ਹੇਗਾ ਤਾਂ ਅਕਲ ਆਵੇਗੀ ਤੇ ਕੁੱਝ ਸੋਚਣ ਸਮਝਣ ਦੀ ਜ਼ਰੂਰਤ ਪਵੇਗੀ। ਇਹ ਤਾਂ ਪਾਗ਼ਲ ਹਵਾ ਵਾਂਗ ਪੈਰ ਸਿਰ ਉੱਤੇ ਰੱਖ਼ ਹਨੇਰੀ ਬਣ ਕੇ ਹਨੇਰਾ ਇਕੱਠਾ ਕਰਨ ਲੱਗਿਆ ਹੋਇਆ ਹੈ।
ਨ੍ਰਿਪਇੰਦਰ ਰਤਨ ਪੰਜਾਬ ਦੇ ਉਹ ਲੇਖਕ, ਕਵੀ ਤੇ ਉਚ ਅਧਿਕਾਰੀ ਰਹੇ ਹਨ, ਜਿਹਨਾਂ ਨੇ ਨੈਤਿਕ ਕਦਰਾਂ ਕੀਮਤਾਂ ਦਾ ਪੱਲਾ ਨਹੀਂ ਛੱਡਿਆ। ਉਹ ਕਹਾਣੀਕਾਰ, ਕਵੀ ਤੇ ਵਾਰਤਕ ਵੀ ਲਿਖਦੇ ਸਨ। ਉਹਨਾਂ ਨੇ ਕਦੇ ਲੇਖਕ ਹੋਣ ਦਾ ਢੰਡੋਰਾ ਨੀਂ ਪਿੱਟਿਆ। ਉਹਨਾਂ ਦੀਆਂ ਲਿਖਤਾਂ ਨੂੰ ਪਾਠਕ ਲੱਭਦੇ ਸਨ। ਇੱਕ ਅਫ਼ਸਰ ਦਾ ਜਨਮ ਉਹਨਾਂ ਦਾ ਕਹਾਣੀ ਸੰਗ੍ਰਹਿ ਹੈ। ਕਤਰਨ ਕਤਰਨ ਉਹਨਾਂ ਦੀ ਸਵੈਜੀਵਨੀ ਹੈ। ਇਸ ਦੇ ਚਾਰ ਭਾਗ ਹਨ। ਕਤਰਨ ਕਤਰਨ ਯਾਦਾਂ-4, ਜਿਸ ਨੂੰ ਚੇਤਨਾ ਪ੍ਰਕਾਸ਼ਨ ਲੁਧਿਆਣਾ ਵਾਲ਼ਿਆਂ ਪ੍ਰਕਾਸ਼ਤ ਕੀਤਾ। ਇਸ ਪੁਸਤਕ ਵਿੱਚ 26 ਲੇਖ ਹਨ, ਉਹਨਾਂ ਦੀ ਇਸ ਪੁਸਤਕ ਵਿੱਚ ਉਹਨਾਂ ਦੀਆਂ ਯਾਦਾਂ ਹਨ ਤੇ ਅਤੀਤ ਵਿੱਚ ਲਿਖੀਆਂ ਕਵਿਤਾਵਾਂ ਅੱਜ ਦਾ ਸੱਚ ਹਨ। ਇਹ ਪੰਜਾਬ ਦੀ ਤਸਵੀਰ ਐ।੍ਰਪੰਜਾਬ ਦੇ ਵਿੱਚ ਜੋ ਕੁੱਝ ਵਾਪਰ ਰਿਹਾ ਐ, ਉਹਦੀ ਉਹਨਾਂ 35 ਸਾਲ ਪਹਿਲਾਂ ਭਵਿੱਖ ਬਾਣੀ ਕਰ ਦਿੱਤੀ ਸੀ। ਪੰਜਾਬ ਦੇ ਰਾਜਨੀਤਕ ਵਰਤਾਰੇ ਅਤੇ ਵਾਤਾਵਰਣ ਦੀ ਇਹ ਤਸਵੀਰ ਸਾਡੇ ਸਾਹਮਣੇ ਐ। ਪੰਜਾਬ ਦੇ ਵਿੱਚ ਹੀ ਨੀ ਭਾਰਤ ਵਿੱਚ ਜੋ ਵੀ ਬੋਲਦਾ ਐ, ਉਹ ਗਦਾਰ ਤੇ ਦੇਸ਼ ਧ੍ਰੋਹੀ ਐ। ਪਿਛਲੇ ਦਿਨੀਂ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੇ ਮਾਣਯੋਗ ਹਾਈਕੋਰਟ ਦੇ ਵਿੱਚ ਇਹ ਆਵਾਜ਼ ਉਠਾਈ ਕਿ 6 ਹਜ਼ਾਰ ਕਰੋੜ ਦੇ ਵਪਾਰ ਨਾਲ ਜੁੜੀਆਂ ਉਹ ਬੰਦ ਫਾਈਲਾਂ ਖੋਲ੍ਹ ਕੇ ਦੋਸ਼ੀਆਂ ਨੂੰ ਸਜ਼ਾ ਦਿਓ। ਪਰ ਮਾਣਯੋਗ ਹਾਈਕੋਰਟ ਨੇ ਬਿਨਾਂ ਕਿਸੇ ਸੁਣਵਾਈ ਦੇ ਉਸ ਨੂੰ ਛੇ ਮਹੀਨੇ ਦੀ ਕੈਦ ਤੇ ਦੋ ਹਜ਼ਾਰ ਰੁਪਏ ਜੁਰਮਾਨਾ ਕਰ ਦਿੱਤਾ ਐ। ਜਿਸਦਾ ਹਰ ਪਾਸੇ ਵਿਰੋਧ ਹੋ ਰਿਹਾ ਐ। ਪੰਜਾਬ ਦੇ ਲੋਕ ਸੜਕਾਂ ਉਪਰ ਆ ਗਏ ਹਨ। ਹਰ ਦਿਨ ਮਾਣਯੋਗ ਹਾਈਕੋਰਟ ਦੇ ਇਸ ਜੁਲਮ ਦਾ ਵਿਰੁੱਧ ਮੀਟਿੰਗਾਂ, ਰੋਸ ਮਾਰਚ ਹੋ ਰਹੇ ਹਨ। ਕੁੱਝ ਹੀ ਲੋਕ ਹਨ ਜੋ ਸਮਾਜ ਪ੍ਰਤੀ ਚਿੰਤੁਤ ਹਨ। ਬਹੁ ਗਿਣਤੀ ਲੋਕ ਚੁੱਪ ਹਨ। ਇਸ ਕਿਤਾਬ ਦਾ ਇਹ ਲੇਖ ਇਸ ਦੀ ਸ਼ਾਹਦੀ ਭਰਦਾ ਐ ਕਿ ਕਾਨੂੰਨ ਮੋਮ ਦਾ ਨੱਕ ਐ, ਜਿਸ ਨੂੰ ਤਾਕਤਵਰ ਲੋਕ ਮਰੋੜ ਲੈਂਦੇ ਹਨ। ਆਮ ਬੰਦਾ ਸਜ਼ਾ ਭੁਗਤਦਾ ਐ। ਸੁਰਜੀਤ ਪਾਤਰ ਦੀਆਂ ਲਾਈਨਾਂ ਇਸ ਸਮੇਂ ਦੀ ਸਚਾਈ ਐ।
ਇਸ ਅਦਾਲਤ ਵਿੱਚ ਬੰਦੇ ਬਿਰਖ ਹੋ ਗਏ,
ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ,
ਇਹਨਾਂ ਨੂੰ ਆਖੋ ਕੇ ਉਜੜੇ ਘਰੀਂ ਜਾਣ ਹੁਣ,
ਇਹ ਇੱਥੇ ਕਦੋਂ ਤੀਕ ਖੜੇ ਰਹਿਣਗੇ।
ਜੋ ਬੋਲੇ ਸੋ ਗਦਾਰ ਪੁਸਤਕ ਪੜ੍ਹਨ ਨਾਲ ਬਹੁਤ ਕੁੱਝ ਸਾਫ ਹੁੰਦਾ ਐ। ਇਹ ਹਰ ਪੰਜਾਬੀ ਨੂੰ ਪੜ੍ਹਨ ਦੀ ਲੋੜ ਐ। ਪੂਰੀ ਪੁਸਤਕ ਪੜ੍ਹਨ ਲਈ ਸੰਪਰਕ ਕਰ ਸਕਦੇ ਹੋ।
ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ ਲੁਧਿਆਣਾ।
ਸੁਮਿਤ ਗੁਲਾਟੀ
9876207774
ਇਸ ਪੁਸਤਕ ਵਿੱਚ, ਕਿਸੇ ਨੇ ਕਿਹਾ ਇਮਾਨਦਾਰ ਰਹੋ ? ਕਲਾ ਦੇ ਕੋਠੇ,ਕੋਲੇ ਦੀ ਦਲਾਲੀ, ਇਕ ਅਣਖੀਲਾ ਅਫਸਰ, ਮੇਰੀ ਇਕਲੌਤੀ ਟਿਊਸ਼ਨ, ਮੌਤ ਦਾ ਮਖੌਲ, ਇੰਤਜ਼ਾਰ ਰਿਸ਼ਵਤ, ਅਣਗੌਲੀ ਵਿਰਾਸਤ,ਯਕਸ਼ ਦੇ ਪ੍ਰਸ਼ਨ, ਦਸਮ ਗੁਰੂ ਗ੍ਰੰਥ ਇਤਿਹਾਸ, ਪ੍ਰਬੰਧ ਤੇ ਸਮੀਖਿਆ, ਲਿਖਤੀ ਥਰੈਸ਼ਰ, ਫੁੱਲਾਂ ਦੇ ਬੁੱਚੜਖਾਨੇ,ਕੁਲਪਤੀ ਦੀ ਨਿਯੁਕਤੀ,ਪੰਜਾਬ ਤਕਨੀਕੀ ਯੂਨੀਵਰਸਿਟੀ ਦਾ ਕੁਲਪਤੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਕੁਲਪਤੀ, ਕੈਸੇ ਕੈਸੇ ਕੁਲਪਤੀ, ਆਪੇ ਫਾਬੜੀਏ, ਬਲਿਊ ਸਟਾਰ ਤੋਂ ਅਗਲੇੱ ਦਿਨ, ਜਜ਼ਬਾਤਾਂ ਦੀਆਂ ਘੁੰਮਣ ਘੇਰੀਆਂ, ਜ਼ਮੀਰ ਦੀਆਂ ਜੰਜ਼ੀਰਾਂ, ਕੌਣ ਚਲਾਵੇ ਲਾਰੀਆਂ, ਵੋਟਿੰਗ ਮਸ਼ੀਨਾਂ ਦੀ ਰਾਮਲੀਲਾ, ਜੋ ਬੋਲੇ ਸੋ ਗਦਾਰ, ਪੁਸ਼ਤੈਨੀ ਧਰਤੀ ਲਈ ਤੜਪ, ਬਚਪਨ ਦੇ ਓਹ ਦਿਨ। ਇਸ ਪੁਸਤਕ ਦੇ ਵਿੱਚੋਂ ਇਕ ਲੇਖ ਪੜ੍ਹ ਕੇ ਤੁਹਾਨੂੰ ਪੰਜਾਬ ਦੀ ਤਸਵੀਰ ਪਤਾ ਲੱਗ ਸਕਦੀ ਹੈ।
ਪੰਜਾਬੀਆਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਨਹੀਂ, ਉਹਨਾਂ ਦਾ ਬਿਨਾਂ ਪੜ੍ਹਿਆ ਹੀ ਸਰ ਸਕਦਾ ਹੈ, ਕਿਉਂਕਿ ਇਥੇ ਮੁੱਲ ਦਾ ਗਿਆਨ, ਡਿਗਰੀਆਂ, ਨੌਕਰੀਆਂ, ਛੋਕਰੀਆਂ, ਇਨਸਾਫ਼, ਇਨਾਮ, ਪੁਰਸਕਾਰ, ਪ੍ਰਧਾਨਗੀ, ਮੰਤਰੀ, ਐਮ ਐਲ ਏ, ਨਸ਼ਾ ਆਦਿ ਮਿਲ ਸਕਦਾ ਹੈ। ਫੇਰ ਮੱਥਾ ਮਾਰਨ ਦੀ ਲੋੜ ਨਹੀਂ ਸਗੋਂ ਮੱਥਾ ਟੇਕਣ ਦੀ ਲੋੜ ਤੇ ਪਹੁੰਚ ਹੋਣੀ ਚਾਹੀਦੀ ਹੈ। ਬਾਕੀ ਤੁਸੀਂ ਖ਼ੁਦ ਸਿਆਣੇ ਤੇ ਸੂਝਵਾਨ ਹੋ। ਤੁਹਾਨੂੰ ਸਮਝਾਉਣ ਦੀ ਲੋੜ ਨਹੀਂ। ਕਿਉਂਕਿ ਤੁਹਾਡੇ ਅੰਦਰ ਗਿਆਨ ਦੀ ਗੰਗਾ ਵਹਿੰਦੀ ਹੈ। ਤੁਸੀਂ ਐਵੇਂ ਆਖੀ ਜਾਂਦੇ ਓ – ਰਾਮ ਤੇਰੀ ਗੰਗਾ ਮੈਲ਼ੀ ਹੋਈ ਗਈ, ਪਾਪੀਆਂ ਦੇ ਪਾਪ ਧੋਤੇ ਧੋਤੇ- ਗੰਗਾ ਤਾਂ ਹੁਣ ਨਹੀਂ ਮੈਲ਼ੀ ਹੋਈ, ਜਿਥੇ ਲੋਕ ਪਾਪ ਧੋਂਦੇ ਧੋਂਦੇ, ਮੁਕਤੀ ਪ੍ਰਾਪਤ ਕਰ ਗਏ। ਚਲੋ ਆਪਾਂ ਕੀ ਲੈਣਾ ਹੈ, ਇਥੇ ਸਭ ਕੁੱਝ ਮੁਨਾਫ਼ਾ ਕਮਾਉਣ ਲਈ ਚੱਲਦਾੱ ਹੈ, ਉਹ ਭਾਵੇਂ ਰਾਜਨੀਤੀ ਹੋਵੇ, ਧਰਮ ਹੋਵੇ, ਜਾਂ ਕੁੱਝ ਹੋਰ ਸੇਵਾ ਹੋਵੇ, ਉਸ ਵਿੱਚ ਕਾਰ ਤੇ ਵਪਾਰ, ਸੁਹਾਇਆ ਤੇ ਮੁਨਾਫਾ ਹੁੰਦਾ ਹੈ। ਹੁਣ ਅਗਲੇ ਦਿਨਾਂ ਵਿੱਚ 22 ਫਰਵਰੀ ਨੂੰ ਮਾਤਾ ਭਾਸ਼ਾ ਦਿਵਸ ਆ ਰਿਹਾ ਹੈ। ਉਸਦੇ ਨਾਂ ਉੱਤੇ ਰੋਟੀਆਂ ਸੇਕਣ ਵਾਲੇ ਢੋਲ, ਨਗਾਰੇ ਵਜਾਉਣਗੇ। ਕੀਰਨੇ ਪਾਉਣਗੇ, ਧਾਹਾਂ ਮਾਰਨਗੇ, ਫਫੇਕੁਟਣੀਆਂ ਸਿਆਪਾ ਕਰਨਗੀਆਂ। ਇਸ ਮੌਕੇ ਬੜਾ ਕੁੱਝ ਹੋਵੇਗਾ। ਕੀ ਕੀ ਹੋਵੇਗਾ ਤੁਸੀਂ ਖ਼ੁਦ ਸਿਆਣੇ ਓ। ਬਾਬਾ ਰਤਨ ਸਿਉਂ ਤੁਹਾਨੂੰ ਕੀ ਕੀ ਦੱਸੇਗਾ। ਕੁੱਝ ਆਪ ਵੀ ਕਰ ਲਵੋ।
ਬੁੱਧ ਸਿੰਘ ਨੀਲੋਂ
9464370823