ਸਤਲੁਜ ਦੇ ਨਾਲ ਨਾਲ ਬੁੱਢਾ ਦਰਿਆ ਵੀ ਸਨਅਤੀ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿੱਚ ਆਪਣਾ ਕਹਿਰ ਢਾਹ ਰਿਹਾ ਹੈ। ਤਿੰਨ ਦਿਨਾਂ ਤੋਂ ਸ਼ਿਵਪੁਰੀ ਇਲਾਕੇ ਵਿੱਚ ਬੁੱਢੇ ਦਰਿਆ ਦਾ ਗੰਦਾ ਪਾਣੀ ਸੜਕਾਂ ’ਤੇ ਖੜ੍ਹਾ ਹੋਇਆ ਹੈ। ਲੋਕ ਇੰਨੇ ਪ੍ਰੇਸ਼ਾਨ ਹਨ ਕਿ ਗੰਦੇ ਪਾਣੀ ਕਾਰਨ ਆਪਣੇ ਘਰਾਂ ਵਿੱਚੋਂ ਬਾਹਰ ਨਹੀਂ ਆ ਰਹੇ। ਪਾਣੀ ਵਿੱਚ ਬਦਬੂ ਆ ਰਹੀ ਹੈ। ਲੋਕਾਂ ਨੂੰ ਡਰ ਹੈ ਕਿ ਜੇ ਪਾਣੀ ਇਸੇ ਤਰ੍ਹਾਂ ਹੀ ਖੜ੍ਹਾ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਇਲਾਕੇ ’ਚ ਬਿਮਾਰੀਆਂ ਫੈਲ ਸਕਦੀਆਂ ਹਨ। ਸੜਕਾਂ ’ਤੇ ਗੰਦਾ ਪਾਣੀ ਖੜ੍ਹਾ ਹੋਣ ਕਾਰਨ ਮੁੱਖ ਬਾਜ਼ਾਰ ਦੀਆਂ ਜ਼ਿਆਦਾਤਰ ਦੁਕਾਨਾਂ ਬੰਦ ਹਨ। ਉਧਰ, ਵਿਧਾਨ ਸਭਾ ਹਲਕਾ ਉਤਰੀ ਦੇ ਵਿਧਾਇਕ ਰਾਕੇਸ਼ ਪਾਂਡੇ ਅੱਜ ਜਦੋਂ ਸ਼ਿਵਪੁਰੀ ਇਲਾਕੇ ਦਾ ਹਾਲ ਜਾਣਨ ਲਈ ਗਏ ਤਾਂ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ। ਲੋਕਾਂ ਨੇ ਵਿਧਾਇਕ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ ਕਾਫ਼ੀ ਲੋਕਾਂ ਦੀ ਵਿਧਾਇਕ ਪਾਂਡੇ ਨਾਲ ਬਹਿਸ ਵੀ ਹੋ ਗਈ।
ਦਰਅਸਲ, ਜਦੋਂ ਭਾਖੜਾ ਡੈਮ ਵਿੱਚੋਂ ਪਾਣੀ ਛੱਡਿਆ ਗਿਆ ਹੈ, ਉਸ ਤੋਂ ਬਾਅਦ ਸਤਲੁਜ ਦਰਿਆ ਨੱਕੋ-ਨੱਕ ਹੈ, ਨਗਰ ਨਿਗਮ ਵੱਲੋਂ ਬੁੱਢੇ ਦਰਿਆ ਦਾ ਸਾਰਾ ਪਾਣੀ ਟਰੀਟ ਕਰ ਕੇ ਸਤਲੁਜ ਦਰਿਆ ਵਿੱਚ ਛੱਡਿਆ ਜਾਂਦਾ ਹੈ, ਪਰ ਹੁਣ ਇਹ ਪਾਣੀ ਅੱਗੇ ਨਹੀਂ ਜਾ ਰਿਹਾ, ਜਿਸ ਕਾਰਨ ਬੁੱਢੇ ਦਰਿਆ ਦਾ ਪਾਣੀ ਓਵਰਫਲੋ ਹੋ ਗਿਆ ਹੈ। ਪਿਛਲੇ ਕਈ ਦਿਨਾਂ ਤੋਂ ਬੁੱਢਾ ਦਰਿਆ ਵੀ ਨੱਕੋ-ਨੱਕ ਚੱਲ ਰਿਹਾ ਹੈ। ਸਿਰਫ਼ ਸ਼ਿਵਪੁਰੀ ਹੀ ਨਹੀਂ ਸ਼ਹਿਰ ਦੇ ਇਲਾਕੇ ਕੁੰਦਨਪੁਰੀ, ਤਾਜਪੁਰ ਰੋਡ, ਢੋਕਾਂ ਮੁਹੱਲਾ, ਰਾਹੋਂ ਰੋਡ ਇਲਾਕਿਆਂ ਨੂੰ ਵੀ ਇਸ ਦੀ ਮਾਰ ਝੱਲਣੀ ਪੈ ਰਹੀ ਹੈ।
ਪਿਛਲੇ ਤਿੰਨ ਦਿਨ ਤੋਂ ਗੰਦੇ ਪਾਣੀ ਵਿੱਚ ਆਪਣੀ ਜ਼ਿੰਦਗੀ ਕੱਟ ਰਹੇ ਸ਼ਿਵਪੁਰੀ ਦੇ ਲੋਕਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਇਲਾਕੇ ਵਿੱਚ ਕੋਈ ਵੀ ਨਗਰ ਨਿਗਮ ਦਾ ਮੁਲਾਜ਼ਮ ਹਾਲ ਜਾਣਨ ਲਈ ਨਹੀਂ ਆਇਆ। ਪਾਣੀ ਗਲੀਆਂ ਅਤੇ ਘਰਾਂ ਤੱਕ ਪੁੱਜਣ ਦੇ ਬਾਵਜੂਦ ਨਗਰ ਨਿਗਮ ਮੁਲਾਜ਼ਮਾਂ ਨੇ ਕੋਈ ਹੱਲ ਨਹੀਂ ਕੀਤਾ। ਪਾਣੀ ’ਚੋਂ ਬਦਬੂ ਆ ਰਹੀ ਹੈ। ਬਦਬੂ ਕਾਰਨ ਇੱਥੇ ਰਹਿਣ ਵਾਲੇ ਲੋਕ ਬਿਮਾਰ ਹੋ ਰਹੇ ਹਨ। ਇਸ ਤੋਂ ਇਲਾਵਾ ਸ਼ਿਵਪੁਰੀ ਦੇ ਨਾਲ ਲਗਦੇ ਇਲਾਕੇ ਵਿਸ਼ਣੂ ਨਗਰ ਤੇ ਬਸੰਤ ਨਗਰ ਦੇ ਲੋਕਾਂ ਦਾ ਵੀ ਇਹੋ ਹਾਲ ਹੈ।
ਬੁੱਢੇ ਦਰਿਆ ਦਾ ਗੰਦਾ ਪਾਣੀ ਵੀਰਵਾਰ ਨੂੰ ਢੋਕਾਂ ਮੁਹੱਲੇ ਤੇ ਧਰਮਪੁਰੇ ਇਲਾਕੇ ਦੀਆਂ ਗਲੀਆਂ ਤੇ ਲੋਕਾਂ ਦੇ ਘਰਾਂ ਵਿੱਚ ਵੜ੍ਹ ਗਿਆ। ਇਸ ਤੋਂ ਬਾਅਦ ਪ੍ਰਸ਼ਾਸਨ ਤੋਂ ਨਾਰਾਜ਼ ਲੋਕਾਂ ਨੇ ਸ਼ਿੰਗਾਰ ਸਿਨੇਮਾ ਦੇ ਬਾਹਰ ਧਰਨਾ ਲਗਾ ਦਿੱਤਾ। ਲੋਕਾਂ ਦਾ ਦੋਸ਼ ਹੈ ਕਿ ਬੁੱਢੇ ਦਰਿਆ ਦਾ ਗੰਦਾ ਪਾਣੀ ਉਨ੍ਹਾਂ ਦੇ ਘਰਾਂ ਵਿਚ ਵੜ੍ਹ ਰਿਹਾ ਹੈ, ਪਰ ਉਨ੍ਹਾਂ ਦਾ ਦੁੱਖ ਸੁਣਨ ਵਾਲਾ ਕੋਈ ਨਹੀਂ।
INDIA ਬੁੱਢੇ ਦਰਿਆ ਦੇ ਪਾਣੀ ਨਾਲ ਤੀਜੇ ਦਿਨ ਵੀ ਭਰੀਆਂ ਰਹੀਆਂ ਸੜਕਾਂ