ਚੰਡੀਗੜ੍ਹ ਇਥੋਂ ਦੀ ਕ੍ਰਾਈਮ ਬਰਾਂਚ ਪੁਲੀਸ ਨੇ ਬੁੜੈਲ ਵਾਸੀ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਮੌਂਟੀ ਸ਼ਾਹ ਉਰਫ਼ ਓਜ਼ਨਸ ਵਜੋਂ ਹੋਈ ਹੈ। ਉਹ ਰਾਜਸਥਾਨ ਦੇ ਭਰਤਪੁਰ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਫੋਨ ’ਤੇ ਸੰਪਰਕ ਵਿਚ ਰਹਿੰਦਾ ਸੀ ਅਤੇ ਉਸ ਦੇ ਇਸ਼ਾਰੇ ’ਤੇ ਕੰਮ ਕਰਦਾ ਸੀ। ਡੀਐੱਸਪੀ (ਕ੍ਰਾਈਮ ਬਰਾਂਚ) ਰਾਜੀਵ ਕੁਮਾਰ ਅੰਬਾਸਤਾ ਨੇ ਦੱਸਿਆ ਕਿ ਕ੍ਰਾਈਮ ਬਰਾਂਚ ਇੰਚਾਰਜ ਇੰਸਪੈਕਟਰ ਰਣਜੀਤ ਸਿੰਘ ਦੀ ਅਗਵਾਈ ਵਿਚ ਸਬ-ਇੰਸਪੈਕਟਰ ਗੁਰਜੀਵਨ ਸਿੰਘ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਸੈਕਟਰ 44-45 ਦੀਆਂ ਟ੍ਰੈਫ਼ਿਕ ਲਾਈਟਾਂ ’ਤੇ ਲਗਾਏ ਨਾਕੇ ਦੌਰਾਨ ਮੌਂਟੀ ਸ਼ਾਹ ਨੂੰ ਪਿਸਤੌਲ ਅਤੇ ਪੰਜ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਪੁਲੀਸ ਸਟੇਸ਼ਨ ਸੈਕਟਰ 34 ਲਿਆਂਦਾ ਗਿਆ ਜਿੱਥੇ ਉਸ ਖਿਲਾਫ਼ ਅਸਲਾ ਐਕਟ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਮੈਜਿਸਟਰੇਟ ਨੇ ਉਸ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਮੌਟੀ ਸ਼ਾਹ ਦੀ ਮੁੱਢਲੀ ਪੁੱਛਗਿੱਛ ਦੌਰਾਨ ਪੁਲੀਸ ਨੇ ਉਸ ਦੇ ਕਬਜ਼ੇ ਵਿਚੋਂ .32 ਬੋਰ ਦਾ ਪਿਸਤੌਲ, 5 ਕਾਰਤੂਸ, ਦੇਸੀ ਡਬਲ ਬੈਰਲ ਬੰਦੂਕ ਸਮੇਤ 14 ਕਾਰਤੂਸ ਬਰਾਮਦ ਕੀਤੇ ਗਏ ਹਨ ਜੋ ਕਿ ਉਸ ਨੇ ਸੈਕਟਰ 45-ਡੀ ਵਾਲੀ ਸਾਈਡ ਝਾੜੀਆਂ ਵਿਚ ਛੁਪਾ ਕੇ ਰੱਖੇ ਹੋਏ ਸਨ। ਪੁਲੀਸ ਨੂੰ ਉਸ ਕੋਲੋਂ ਹੋਰ ਅਸਲਾ ਬਰਾਮਦ ਹੋਣ ਦੀ ਉਮੀਦ ਹੈ। ਪੁਲੀਸ ਦਾ ਕਹਿਣਾ ਹੈ ਕਿ ਮੌਂਟੀ ਸ਼ਾਹ ਰਾਜਸਥਾਨ ਦੀ ਭਰਤਪੁਰ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਫੋਨ ’ਤੇ ਸੰਪਰਕ ਵਿਚ ਸੀ। ਇਸ ਲਈ ਚੰਡੀਗੜ੍ਹ ਪੁਲੀਸ ਹੁਣ ਭਰਤਪੁਰ ਜੇਲ੍ਹ ਦੇ ਮੁਖੀ ਨੂੰ ਪੱਤਰ ਲਿਖ ਕੇ ਇਸ ਬਾਰੇ ਜਾਣਕਾਰੀ ਦੇਵੇਗੀ। ਇਹ ਵੀ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਮੌਂਟੀ ਸ਼ਾਹ ਖਿਲਾਫ਼ ਬੁੜੈਲ ਪੁਲੀਸ ਚੌਂਕੀ ਵਿਚ ਵੀ ਕੇਸ ਦਰਜ ਹੈ ਜਿਸ ਵਿਚ ਉਸ ਨੂੰ ਸਾਲ 2018 ਤੋਂ ਭਗੌੜਾ ਐਲਾਨਿਆ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਤੱਕ ਵੀ ਬੁੜੈਲ ਪੁਲੀਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਸੀ ਜਦਕਿ ਉਹ ਸ਼ਰੇਆਮ ਘੁੰਮਦਾ ਰਹਿੰਦਾ ਸੀ। ਕ੍ਰਾਈਮ ਬਰਾਂਚ ਦੀ ਪੁਲੀਸ ਨੂੰ ਉਮੀਦ ਹੈ ਕਿ ਰਿਮਾਂਡ ਦੌਰਾਨ ਮੁਲਜ਼ਮ ਦੀ ਪੁੱਛ ਪੜਤਾਲ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸੇ ਦੌਰਾਨ ਸੋਨੂੰ ਸ਼ਾਹ ਦੀ ਹੱਤਿਆ ਮਾਮਲੇ ਬਾਰੇ ਵੀ ਮੌਂਟੀ ਸ਼ਾਹ ਤੋਂ ਪੁੱਛਗਿੱਛ ਕੀਤੀ ਜਾਵੇਗੀ। ਪੁਲੀਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ ਕਿ ਗੈਗਸਟਰ ਲਾਰੈਂਸ ਬਿਸ਼ਨਸੋਈ ਨਾਲ ਮੁਲਜ਼ਮ ਮੌਂਟੀ ਸ਼ਾਹ ਿਪਛਲੇ ਕਿੰਨੇ ਸਮੇਂ ਤੋਂ ਸੰਪਰਕ ਵਿੱਚ ਸੀ।