ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਪੰਜਾਬ ਸਮੇਤ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਯੂਟੀ ਸਣੇ ਚਾਰ ਸੂਬਿਆਂ ਦਾ ਸਾਂਝਾ ਜ਼ੋਨਲ ਦਫ਼ਤਰ ਖੋਲ੍ਹਿਆ ਜਾ ਰਿਹਾ ਹੈ। ਇਸ ਦਾ ਉਦਘਾਟਨ ਸ਼ੁੱਕਰਵਾਰ ਨੂੰ ਬੁੜੈਲ ਜੇਲ੍ਹ ਅੰਦਰ ਕੀਤਾ ਜਾਵੇਗਾ। ਸੁਰੱਖਿਆ ਪ੍ਰਬੰਧਾਂ ਕਾਰਨ ਦਫ਼ਤਰ ਬੁੜੈਲ ਜੇਲ੍ਹ ਦੇ ਅੰਦਰ ਕਮਿਊਨਿਟੀ ਸੈਂਟਰ ਵਾਲੀ ਇਮਾਰਤ ਵਿੱਚ ਸਥਾਪਿਤ ਕੀਤਾ ਗਿਆ ਹੈ। ਦਫਤਰ ਦਾ ਰਸਮੀ ਉਦਘਾਟਨ 27 ਦਸੰਬਰ ਨੂੰ ਐੱਨਆਈਏ ਦੇ ਡੀਜੀਪੀ ਯੋਗੇਸ਼ ਚੰਦਰ ਮੋਦੀ ਕਰਨਗੇ। ਸਮਾਗਮ ਵਿੱਚ ਚਾਰੇ ਸੂਬਿਆਂ ਨਾਲ ਸਬੰਧਤ ਏਜੰਸੀ ਦੇ ਜਾਂਚ ਅਧਿਕਾਰੀ, ਵਕੀਲ ਅਤੇ ਸਿਰਫ਼ ਚੋਣਵੇਂ ਮਹਿਮਾਨ ਹੀ ਸੱਦੇ ਗਏ ਹਨ। ਇਸ ਤੋਂ ਪਹਿਲਾਂ ਅਪਰਾਧਿਕ ਮਾਮਲਿਆਂ ਸਬੰਧੀ ਐੱਨਆਈਏ ਦੇ ਮੁੱਖ ਦਫ਼ਤਰ ਨਵੀਂ ਦਿੱਲੀ ਜਾਂ ਜੰਮੂ ਸਥਿਤ ਜ਼ੋਨਲ ਦਫ਼ਤਰ ਨਾਲ ਰਾਬਤਾ ਕਾਇਮ ਕਰਨਾ ਪੈਂਦਾ ਸੀ। ਵੱਖ-ਵੱਖ ਕੇਸਾਂ ਵਿੱਚ ਨਾਮਜ਼ਦ ਮੁਲਜ਼ਮਾਂ ਨੂੰ ਪੁੱਛਗਿੱਛ ਕਰਨ ਲਈ ਵੀ ਨਵੀਂ ਦਿੱਲੀ ਵਾਲੇ ਦਫ਼ਤਰ ਵਿੱਚ ਲੈ ਕੇ ਜਾਣਾ ਪੈਂਦਾ ਸੀ। ਇਸ ਤਰ੍ਹਾਂ ਲੰਮੇ ਸਫ਼ਰ ਦੌਰਾਨ ਹਰ ਵੇਲੇ ਅਣਸੁਖਾਵੀਂ ਘਟਨਾ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਸੀ। ਇਸ ਨਵੇਂ ਦਫ਼ਤਰ ਵਿੱਚ 40 ਕਰਮਚਾਰੀਆਂ ਦਾ ਸਟਾਫ਼ ਹੋਵੇਗਾ ਅਤੇ ਐੱਸਪੀ ਰੈਂਕ ਦੀ ਆਈਪੀਐੱਸ ਅਧਿਕਾਰੀ ਜ਼ਿਆ ਰੌਆਏ ਨਵੇਂ ਦਫ਼ਤਰ ਦੀ ਇੰਚਾਰਜ ਹੋਵੇਗੀ। ਉਹ ਛੱਤੀਸਗੜ੍ਹ ਕਾਡਰ ਦੇ ਹਨ ਅਤੇ ਇੱਥੇ ਡੈਪੂਟੇਸ਼ਨ ’ਤੇ ਹਨ ਅਤੇ ਤਰਨ ਤਾਰਨ ਦੇ ਪਿੰਡ ਪੰਡੋਰੀ ਕਲਾਂ ਬੰਬ ਧਮਾਕੇ ਸਮੇਤ ਹੋਰ ਕਈ ਕੇਸਾਂ ਦੀ ਖ਼ੁਦ ਜਾਂਚ ਕਰ ਰਹੇ ਹਨ। ਉਂਜ ਡੀਐੱਸਪੀ ਜੈ ਰਾਜ ਬਾਜੀਆ ਸਮੇਤ ਕਈ ਇੰਸਪੈਕਟਰ, ਸਬ ਇੰਸਪੈਕਟਰ, ਹੌਲਦਾਰ ਤੇ ਸਿਪਾਹੀ ਸ਼ਾਮਲ ਹਨ। ਇਸ ਸਮੇਂ ਐਨਆਈਏ ਇਸ ਖਿੱਤੇ ਵਿੱਚ ਕਰੀਬ 300 ਕੇਸਾਂ ਦੀ ਜਾਂਚ ਕਰ ਰਹੀ ਹੈ।
INDIA ਬੁੜੈਲ ਜੇਲ੍ਹ ’ਚ ਚਾਰ ਰਾਜਾਂ ਦੇ ਐੱਨਆਈਏ ਦਫ਼ਤਰ ਦਾ ਉਦਘਾਟਨ ਅੱਜ