ਬੁਲੇਟ ਮੋਟਰਸਾਈਕਲ ’ਤੇ ਹਿਮਾਚਲ ਦੇ ਕਾਜ਼ਾ ਘੁੰਮਣ ਗਏ ਜੀਜੇ-ਸਾਲੇ ਦੀ ਪਹਾੜ ਤੋਂ ਪੱਥਰਾਂ ਦੀ ਢਿੱਗ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਇਸ਼ਾਨ ਕੁਮਾਰ (26) ਵਾਸੀ ਸੈਣੀ ਵਿਹਾਰ ਫੇਜ਼-2 ਬਲਟਾਣਾ ਅਤੇ ਉਸ ਦੇ ਜੀਜਾ ਸੁਨੀਲ ਕੁਮਾਰ (42) ਵਾਸੀ ਮਨੀਮਾਜਰਾ ਵਜੋਂ ਹੋਈ ਹੈ। ਇਸ਼ਾਨ ਚੰਡੀਗੜ੍ਹ ਦੇ ਸੈਕਟਰ 22 ਵਿਚ ਮੋਬਾਈਲਾਂ ਦੀ ਦੁਕਾਨ ਕਰਦਾ ਸੀ ਤੇ ਸੁਨੀਲ ਚੰਡੀਗੜ੍ਹ ਪੁਲੀਸ ਵਿਚ ਹੌਲਦਾਰ ਸੀ। ਜਾਣਕਾਰੀ ਅਨੁਸਾਰ ਇਸ਼ਾਨ ਤੇ ਸੁਨੀਲ ਆਪਣੇ ਦੋ ਹੋਰ ਦੋਸਤਾਂ ਨਾਲ ਮੋਟਰਸਾਈਕਲਾਂ ’ਤੇ ਹਿਮਾਚਲ ਦੇ ਕਾਜ਼ਾ ਘੁੰਮਣ ਜਾ ਰਹੇ ਸਨ। ਅੱਜ ਸਵੇਰ ਛੇ ਵਜੇ ਦੇ ਕਰੀਬ ਜਦੋਂ ਉਹ ਪਾਂਗੀ ਨਾਲੇ ਨੇੜੇ ਪੁੱਜੇ ਤਾਂ ਉਨ੍ਹਾਂ ਦੇ ਬੁਲੇਟ ਮੋਟਰਸਾਈਕਲ ’ਤੇ ਪਹਾੜ ਤੋਂ ਵੱਡੇ ਪੱਥਰ ਡਿੱਗ ਗਏ। ਇਸ ਦੌਰਾਨ ਮਲਬੇ ਹੇਠਾਂ ਦੱਬਣ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੂਜੇ ਮੋਟਰਸਾਈਕਲ ਉੱਤੇ ਉਨ੍ਹਾਂ ਦੇ ਪਿੱਛੇ ਆ ਰਹੇ ਉਨ੍ਹਾਂ ਦੇ ਦੋਸਤ ਵਾਲ-ਵਾਲ ਬਚ ਗਏ, ਜਿਨ੍ਹਾਂ ਨੇ ਘਟਨਾ ਦੀ ਜਾਣਕਾਰੀ ਪਰਿਵਾਰ ਤੇ ਪੁਲੀਸ ਨੂੰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕਾਜ਼ਾ ਹਾਈਵੇਅ ਨੂੰ ਚੌੜਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪਹਾੜ ਨੂੰ ਤੋੜਨ ਲਈ ਬਲਾਸਟ ਕੀਤੇ ਜਾ ਰਹੇ ਹਨ। ਇਸ ਦੌਰਾਨ ਪਹਾੜ ਦੇਖਣ ਨੂੰ ਠੀਕ ਲੱਗਦੇ ਹਨ ਪਰ ਅੰਦਰੋਂ ਖੋਖਲੇ ਹੋਏ ਪਹਾੜਾਂ ਤੋਂ ਕਿਸੇ ਵੇਲੇ ਵੀ ਮਲਬਾ ਹੇਠਾਂ ਡਿੱਗ ਜਾਂਦਾ ਹੈ। ਹਿਮਾਚਲ ਦੀ ਰਿਕਾਂਗਪੀਓ ਪੁਲੀਸ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਦੋਵੇਂ ਲਾਸ਼ਾਂ ਪੋਸਟਮਾਰਟਮ ਲਈ ਨੇੜਲੇ ਹਸਪਤਾਲ ਵਿਚ ਭੇਜ ਦਿੱਤੀਆਂ ਹਨ।
HOME ਬੁਲੇਟ ’ਤੇ ਹਿਮਾਚਲ ਘੁੰਮਣ ਗਏ ਜੀਜੇ-ਸਾਲੇ ਦੀ ਹਾਦਸੇ ’ਚ ਮੌਤ