ਮੈਨਪੁਰੀ (ਸਮਾਜ ਵੀਕਲੀ): ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅਪਰਾਧੀਆਂ ਖ਼ਿਲਾਫ਼ ਸਰਕਾਰ ਦੀ ਕਾਰਵਾਈ ਦਾ ਹਵਾਲਾ ਦਿੰਦਿਆਂ ਅੱਜ ਕਿਹਾ ਕਿ ਸੂਬੇ ’ਚ ਸਾਰੇ ਬੁਲਡੋਜ਼ਰ ਹੁਣ ਮੁਰੰਮਤ ਲਈ ਭੇਜੇ ਗਏ ਹਨ ਅਤੇ 10 ਮਾਰਚ ਤੋਂ ਬਾਅਦ ਇਹ ਮੁੜ ਤੋਂ ਚੱਲਣੇ ਸ਼ੁਰੂ ਹੋ ਜਾਣਗੇ। ਇਥੇ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸਮਾਜਵਾਦੀ ਪਾਰਟੀ ਦੇ ਆਗੂ ਵੱਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਇਹ ਟਿੱਪਣੀ ਕੀਤੀ। ਯੋਗੀ ਤੋਂ ਸਵਾਲ ਪੁੱਛਿਆ ਗਿਆ ਸੀ ਕਿ ਕੀ ਚੋਣਾਂ ਦੌਰਾਨ ਵੀ ਬੁਲਡੋਜ਼ਰ ਚਲਦੇ ਰਹਿਣਗੇ। ਯੂਪੀ ਸਰਕਾਰ ਵੱਲੋਂ ਅਪਰਾਧੀਆਂ ਦੀਆਂ ਗ਼ੈਰਕਾਨੂੰਨੀ ਜਾਇਦਾਦਾਂ ਢਾਹੁਣ ਲਈ ਬੁਲਡੋਜ਼ਰ ਤਾਇਨਾਤ ਕੀਤੇ ਗਏ ਹਨ। ‘ਮੈਂ ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਨੂੰ ਕਿਹਾ ਸੀ ਕਿ ਉਹ ਫਿਕਰ ਨਾ ਕਰੇ ਇਨ੍ਹਾਂ ਬੁਲਡੋਜ਼ਰਾਂ ਨੂੰ ਵੀ ਕਦੇ ਕਦਾਈਂ ਕੁਝ ਆਰਾਮ ਦੀ ਲੋੜ ਹੁੰਦੀ ਹੈ। ਇਸ ਕਰਕੇ ਚੋਣਾਂ ਦੌਰਾਨ ਸਾਰੇ ਬੁਲਡੋਜ਼ਰ ਮੁਰੰਮਤ ਲਈ ਭੇਜੇ ਗਏ ਹਨ।’ ਯੋਗੀ ਨੇ ਕਿਹਾ ਕਿ ਜਿਹੜੇ ਲੋਕ ਪਿਛਲੇ ਸਾਢੇ ਚਾਰ ਸਾਲ ਤੋਂ ਆਪਣੀਆਂ ਖੁੱਡਾਂ ’ਚ ਛਿਪੇ ਹੋਏ ਸਨ, ਉਹ ਚੋਣਾਂ ਦੇ ਐਲਾਨ ਮਗਰੋਂ ਬਾਹਰ ਆ ਗਏ ਹਨ। ‘ਉਨ੍ਹਾਂ ਦੀ ਪਛਾਣ ਕਰ ਲਈ ਗਈ ਹੈ ਅਤੇ 10 ਮਾਰਚ ਤੋਂ ਬਾਅਦ ਬੁਲਡੋਜ਼ਰ ਆਪਣਾ ਕੰਮ ਆਰੰਭ ਦੇਣਗੇ। ਉਹ 10 ਮਾਰਚ ਤੋਂ ਬਾਅਦ ਰੀਂਗਣਾ ਬੰਦ ਕਰ ਦੇਣਗੇ।’
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੱਕ ਅਪਰਾਧੀਆਂ ਦੇ ਦਿਲੋ ਦਿਮਾਗ ’ਚ ਡਰ ਨਹੀਂ ਬਿਠਾਇਆ ਜਾਂਦਾ, ਉਦੋਂ ਤੱਕ ਕੋਈ ਵੀ ਪ੍ਰਬੰਧ ਸਹੀ ਢੰਗ ਨਾਲ ਨਹੀਂ ਚੱਲ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਨੇ 5 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੱਤੇ ਹਨ ਅਤੇ ਅਮਨ ਕਾਨੂੰਨ ਦੀ ਹਾਲਤ ਸੁਧਰਨ ਕਾਰਨ ਯੂਪੀ ’ਚ ਨਿਵੇਸ਼ ਵਧਿਆ ਹੈ। ਉਨ੍ਹਾਂ ਕਿਹਾ ਕਿ ਯੂਪੀ ’ਚ ਭਾਜਪਾ ਦੀ ਸਰਕਾਰ ਬਣਨ ਮਗਰੋਂ 86 ਲੱਖ ਕਿਸਾਨਾਂ ਦੇ 36 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਗਏ ਹਨ। ਕਰਹਲ ’ਚ ਇਕ ਹੋਰ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਮਾਜਵਾਦੀ ਪਾਰਟੀ ਦੀਆਂ ਪਿਛਲੀਆਂ ਚਾਰ ਸਰਕਾਰਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੇ ਮੰਤਰੀਆਂ ਨੇ ਆਪਣੇ ਹੀ ਬੰਗਲੇ ਬਣਾਏ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly