ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਸੇਵਾ ਸੋਸਾਇਟੀ ਸੁਲਤਾਨਪੁਰ ਲੋਧੀ ਦੇ ਆਗੂ ਤੇ ਗੁਰਸਿੱਖ ਨੌਜਵਾਨ ਜਥੇ. ਸੁਖਬੀਰ ਸਿੰਘ ਖਾਲਸਾ ਨੇ ਤਾਮਿਲਨਾਡੂ ਦੇ ਵੈਲੋਰ ਦੀ ਇੱਕ ਬੀੜੀ ਫੈਕਟਰੀ ਵੱਲੋਂ ਬੀੜੀ ਦੇ ਬੰਡਲ ’ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਲਗਾਉਣ ’ਤੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਦੀ ਲਹਿਰ ਹੈ । ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕਰਦਿਆਂ ਸਬੰਧਿਤ ਕੰਪਨੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ।
ਖਾਲਸਾ ਮਾਰਬਲ ਆਰ.ਸੀ.ਐਫ ਦੇ ਐਮ.ਡੀ ਤੇ ਸਮਾਜ ਸੇਵੀ ਆਗੂ ਜਥੇ. ਸੁਖਬੀਰ ਸਿੰਘ ਜਾਰਜਪੁਰ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਇੱਕ ਵੀਡੀਓ ਵਿੱਚ ਗੁਰੂਤਾਜ ਨਾਂ ਦੇ ਬੀੜੀ ਦੇ ਬੰਡਲ ’ਤੇ ਗੁਰੂ ਸਾਹਿਬ ਦੀ ਤਸਵੀਰ ਲਗਾਈ ਗਈ ਦਾ ਪਤਾ ਲੱਗਾ ਹੈ ਤੇ ਇਹ ਫੈਕਟਰੀ ਤਾਮਿਲਨਾਡੂ ਦੇ ਵੈਲੋਰ ਨਾਲ ਸਬੰਧਤ ਹੈ।
ਦੱਸਣਯੋਗ ਹੈ ਕਿ ਇਸਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਬੀੜੀ ਫੈਕਟਰੀ ਵੱਲੋਂ ਕੀਤੀ ਗਈ ਇਸ ਘਟੀਆ ਹਰਕਤ ਦੀ ਸਖ਼ਤ ਨਿੰਦਿਆ ਕਰਦਿਆਂ ਇਸ ਨੂੰ ਸਿੱਖ ਭਾਵਨਾਵਾਂ ਵਿਰੁੱਧ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਇਹ ਬੇਹੱਦ ਦੁਖਦਾਈ ਹੈ ਕਿ ਗੁਰੂ ਸਾਹਿਬ ਦੀ ਤਸਵੀਰ ਨੂੰ ਵਿਵਰਜਿਤ ਤਮਾਕੂ (ਬੀੜੀ) ਦੇ ਪੈਕਟ ’ਤੇ ਵਰਤਿਆ ਗਿਆ ਹੈ।
ਜਥੇ. ਖਾਲਸਾ ਨੇ ਕਿਹਾ ਕਿ ਇਹ ਜਿਸ ਕਿਸੇ ਵੀ ਸ਼ਰਾਰਤੀ ਦਿਮਾਗ ਦੀ ਸੋਚੀ ਸਮਝੀ ਚਾਲ ਹੈ।ਉਸਨੂੰ ਤੁਰੰਤ ਗ੍ਰਿਫਤਾਰ ਕਰਵਾਇਆ ਜਾਵੇ ਤਾਂ ਜੋ ਸਿੱਖਾਂ ਦੇ ਹਿਰਦੇ ਸ਼ਾਂਤ ਹੋ ਸਕਣ । ਉਨ੍ਹਾਂ ਕਿਹਾ ਕਿ ਇੱਕ ਹੋਰ ਵੀਡੀਓ ਵਿੱਚ ਕੁਝ ਸ਼ਰਾਰਤੀ ਲੜਕੇ ਇੱਕ ਮੋਨੇ ਵਿਅਕਤੀ ਦੇ ਗਲ ਵਿੱਚ ਗਾਤਰਾ ਤੇ ਸਿਰੀ ਸਾਹਿਬ ਪਾ ਕੇ ਭੰਗੜਾ ਪਾਉਂਦੇ ਦਿਖਾਈ ਦਿੰਦੇ ਹਨ , ਜੋ ਜਾਣਬੁੱਝ ਕੇ ਮਹੌਲ ਖੁਰਾਬ ਕਰਨ ਦੀ ਸ਼ਰਾਰਤ ਹੈ । ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਕਰਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਾਣਬੁਝ ਕੇ ਸੱਟ ਮਾਰੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਅਜਿਹੇ ਸ਼ਰਾਰਤੀ ਲੋਕਾਂ ਤੋਂ ਸਖ਼ਤੀ ਨਾਲ ਪੁੱਛਗਿਛ ਹੋਣੀ ਚਾਹੀਦੀ ਹੈ, ਤਾਂ ਜੋ ਇਸ ਦੀ ਸੱਚਾਈ ਸਾਹਮਣੇ ਆ ਸਕੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly