ਬੀਸੀਸੀਆਈ ਦੇ ਨੈਤਿਕਤਾ ਅਧਿਕਾਰੀ ਡੀਜੇ ਜੈਨ ਨੇ ਸਾਬਕਾ ਦਿੱਗਜ ਭਾਰਤੀ ਕ੍ਰਿਕਟਰ ਰਾਹੁਲ ਦ੍ਰਾਵਿੜ ਨੂੰ ਉਸ ਖ਼ਿਲਾਫ਼ ਲਗਾਏ ਗਏ ਹਿੱਤਾਂ ਦੇ ਟਕਰਾਅ ਦੇ ਦੋਸ਼ ਦੇ ਮਾਮਲੇ ’ਚ ਅਗਲੀ ਸੁਣਵਾਈ ਤੇ ਸਪੱਸ਼ਟੀਕਰਨ ਲਈ ਉਸ ਨੂੰ 12 ਨਵੰਬਰ ਨੂੰ ਦੂਜੀ ਵਾਰ ਨਿੱਜੀ ਤੌਰ ’ਤੇ ਆਪਣਾ ਪੱਖ ਰੱਖਣ ਲਈ ਕਿਹਾ ਹੈ। ਭਾਰਤ ਦੇ ਸਾਬਕਾ ਕਪਤਾਨ 46 ਸਾਲਾ ਦ੍ਰਾਵਿਡ ਨੇ ਇਸ ਤੋਂ ਪਹਿਲਾਂ 26 ਸਤੰਬਰ ਨੂੰ ਮੁੰਬਈ ’ਚ ਨਿੱਜੀ ਸੁਣਵਾਈ ਦੌਰਾਨ ਆਪਣਾ ਪੱਖ ਰੱਖਿਆ ਸੀ।
ਐੱਮਪੀਸੀਏ ਦੇ ਕੁੱਲਵਕਤੀ ਮੈਂਬਰ ਸੰਜੈ ਗੁਪਤਾ ਨੇ ਦ੍ਰਾਵਿੜ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਂਦਿਆਂ ਕੌਮੀ ਕ੍ਰਿਕਟ ਅਕੈਡਮੀ (ਐੱਨਸੀਏ) ਦੇ ਮੁਖੀ ਦੇ ਰੂਪ ’ਚ ਉਸ ਦੀ ਮੌਜੂਦਾ ਭੂਮਿਕਾ ਤੇ ਇੰਡੀਆ ਸੀਮੇਂਟਸ ਦਾ ਅਧਿਕਾਰੀ ਹੋਣ ਕਾਰਨ ਹਿੱਤਾਂ ਦੇ ਟਕਰਾਅ ਦਾ ਦੋਸ਼ ਲਗਾਇਆ ਸੀ। ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਦੱਸਿਆ, ‘ਜੈਨ ਨੇ ਬੀਤੀ ਰਾਤ ਦ੍ਰਾਵਿੜ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਨਵੀਂ ਦਿੱਲੀ ’ਚ 12 ਨਵੰਬਰ ਨੂੰ ਸੁਣਵਾਈ ਲਈ ਪੇਸ਼ ਹੋਣ ਲਈ ਕਿਹਾ ਹੈ। ਗੁਪਤਾ ਦਾ ਪੱਖ ਵੀ ਸੁਣਿਆ ਜਾਵੇਗਾ।’ ਦ੍ਰਾਵਿੜ ਫਿਲਹਾਲ ਐੱਨਸੀਏ ਦੇ ਨਿਰਦੇਸ਼ਕ ਹਨ। ਇਸ ਤੋਂ ਇਲਾਵਾ ਉਹ ਇੰਡੀਆ ਸੀਮੇਂਟਸ ਗਰੁੱਪ ਦੇ ਮੀਤ ਪ੍ਰਧਾਨ ਵੀ ਹਨ। ਇੰਡੀਆ ਸੀਮੇਂਟਸ ਕੋਲ ਆਈਪੀਐੱਲ ਫਰੈਂਚਾਈਜ਼ੀ ਚੇਨਈ ਸੁਪਰਕਿੰਗਜ਼ ਦੀ ਮਲਕੀਅਤ ਹੈ। ਐੱਨਸੀਏ ’ਚ ਭੂਮਿਕਾ ਮਿਲਣ ਤੋਂ ਪਹਿਲਾਂ ਦ੍ਰਾਵਿੜ ਭਾਰਤ ‘ਏ’ ਤੇ ਅੰਡਰ-19 ਟੀਮਾਂ ਦੇ ਮੁੱਖ ਕੋਚ ਵੀ ਰਹੇ।
Sports ਬੀਸੀਸੀਆਈ ਨੇ ਰਾਹੁਲ ਦ੍ਰਾਵਿੜ ਨੂੰ 12 ਨੂੰ ਪੇਸ਼ ਹੋਣ ਲਈ ਕਿਹਾ