ਸਮਾਜ ਵੀਕਲੀ
ਮੇਰੀ ਭੂਆ ਦੇ ਮੁੰਡੇ ਦਾ ਨਵਾਂ ਨਵਾਂ ਵਿਆਹ ਹੋਇਆ ਸੀ। ਉਹ ਚੰਡੀਗੜ੍ਹ ਕਿਸੇ ਜਗ੍ਹਾ ਪ੍ਰਾਈਵੇਟ ਨੌਕਰੀ ਕਰਦਾ ਸੀ। ਉਹ ਵਿਆਹ ਤੋਂ ਬਾਅਦ ਪਹਿਲੀ ਵਾਰ ਸਾਡੇ ਘਰ ਆਇਆ ਸੀ। ਮੈਂ ਉਨ੍ਹਾਂ ਨੂੰ ਠੰਡਾ ਪਿਆਉਣ ਤੋਂ ਬਾਅਦ ਕਮਰੇ ਵਿੱਚ ਬੈਠੇ ਨੇ ਹੀ ਆਵਾਜ਼ ਮਾਰ ਕੇ ਕਿਹਾ, ” ਬੀਬੀ ਬਾਈ ਹੋਰਾਂ ਵਾਸਤੇ ਚੰਗੀ ਚਾਹ ਬਣਾ ਦੇ” ਮੇਰੇ ਬੀਬੀ ਸ਼ਬਦ ਕਹਿਣ ‘ਤੇ ਹਰਜਿੰਦਰ ਨੇ ਆਪਣੀ ਪਤਨੀ ਕੋਲ ਬੈਠਿਆਂ ਜਿਵੇਂ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ। ਜਦੋਂ ਮੈਂ ਇੱਕ ਦੋ ਵਾਰ ਹੋਰ ਬੀਬੀ ਲਫਜ਼ ਕਿਹਾ ਤਾਂ ਉਸਨੇ ਅਖੀਰ ਮੈਨੂੰ ਕਹਿ ਹੀ ਦਿੱਤਾ, “ਯਾਰ ਸਤਨਾਮ ਤੂੰ ਅੈਨਾ ਪੜ੍ਹਿਆ ਏਂ, ਤੇ ਮੰਮੀ ਨੂੰ ਹਾਲੇ ਵੀ ਬੀਬੀ ਕਹਿੰਦਾ ਏ”। ਏਨੇ ਨੂੰ ਮੇਰੀ ਬੀਬੀ ਚਾਹ ਲੈ ਕੇ ਆ ਗਈ ਸੀ ਤੇ ਉਨ੍ਹਾਂ ਨੂੰ ਫੜਾ ਦਿੱਤੀ। ਚਾਹ ਪੀਣ ਤੋਂ ਬਾਅਦ ਮੈਂ ਕਿਹਾ ਬਾਈ, ” ਜੋ ਸਵਾਦ ਮੈਨੂੰ ਬੀਬੀ ਕਹਿ ਕੇ ਮਿਲਦਾ ਹੈ ਉਹ ਕਿਸੇ ਹੋਰ ਸ਼ਬਦ ਵਿੱਚ ਨਹੀਂ ਮਿਲਦਾ ।” ਨਾਲੇ ਇਹ ਸ਼ਬਦ ਮੈਂ ਆਪਣੇ ਚਾਚਿਆਂ, ਤਾਇਆ ਤੋਂ ਸਿੱਖਿਆ ਜਿਹੜੇ ਆਪਣੀ ਮਾਂ ਨੂੰ ਬੀਬੀ ਕਹਿੰਦੇ ਸੀ। ਮੈਂ ਉਨ੍ਹਾਂ ਦੇ ਅਤੇ ਆਪਣੀ ਮਾਂ ਬੋਲੀ ਦੇ ਸ਼ਬਦ ਨੂੰ ਗੁਆਚਣ ਤੋਂ ਬਚਾਇਆ ਹੈ। ਹੁਣ ਬਾਈ ਨੂੰ ਆਪਣੇ ਬਨਾਉਟੀਪਣ ‘ਤੇ ਨਾਮੋਸ਼ੀ ਜਿਹੀ ਮਹਿਸੂਸ ਹੋ ਰਹੀ ਸੀ। ਉਹ ਨੀਵੀਂ ਪਾ ਕਮਰੇ ਵਿਚੋਂ ਬਾਹਰ ਨਿੱਕਲ ਗਏ।
ਸਤਨਾਮ ਸਿੰਘ ਸ਼ਦੀਦ
97108-60004