ਗੋਨਿਆਣਾ ਨਜ਼ਦੀਕ ਪਿੰਡ ਬੁਰਜ ਮਹਿਮਾ ਵਿੱਚ ਉਸ ਵੇਲੇ ਹਫ਼ੜਾ ਦਫ਼ੜੀ ਮੱਚ ਗਈ ਜਦੋਂ ਪਾਵਰਕੌਮ ਦੇ ਐਨਫੋਰਸਮੈਂਟ ਵਿੰਗ ਦੀ ਟੀਮ ਵੱਲੋਂ ਦੇਰ ਸ਼ਾਮ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ। ਪਿੰਡ ਦੇ ਕਿਸਾਨ ਹਰਮੇਲ ਸਿੰਘ ਪੁੱਤਰ ਅਮਰਜੀਤ ਸਿੰਘ ਦੇ ਘਰ ਜਦੋਂ ਟੀਮ ਨੇ ਛਾਪੇਮਾਰੀ ਕੀਤੀ ਤਾਂ ਇਸ ਦੀ ਭਿਣਕ ਪਿੰਡ ਵਾਸੀਆਂ ਨੂੰ ਪੈ ਗਈ। ਪਿੰਡ ਵਾਲਿਆਂ ਨੇ ਤੁਰੰਤ ਇਸ ਦੀ ਸੂਚਨਾ ਭਾਰਤੀ ਕਿਸਾਨ ਯੂਨੀਅਨ ਦੇ ਵਰਕਰਾਂ ਨੂੰ ਦਿੱਤੀ ਤਾਂ ਮੌਕੇ ’ਤੇ ਪੁੱਜੇ ਸੁਖਜੀਵਨ ਸਿੰਘ ਬਬਲੀ, ਗੁਰਦੇਵ ਚੰਦ ਸ਼ਰਮਾ, ਮੱਖਣ ਸਿੰਘ ਫ਼ੌਜੀ ਦੀ ਅਗਵਾਈ ਹੇਠਲੀ ਪਾਵਰਕੌਮ ਦੀ ਟੀਮ ਦਾ ਘਿਰਾਓ ਕਰ ਲਿਆ ਤੇ ਇਹ ਘਿਰਾਓ ਰਾਤ ਦੇ 11.30 ਵਜੇ ਦੇ ਕਰੀਬ ਚੱਲਿਆ। ਮੌਕੇ ਦੀ ਨਜਾਕਤ ਨੂੰ ਸਮਝਦੇ ਹੋਏ ਇਨਫੋਰਸਮੈਂਟ ਵਿੰਗ ਦੇ ਐਕਸੀਅਨ ਹਰਵਿੰਦਰ ਸਿੰਘ ਸੋਖੇ ਆਪਣੀ ਗੱਡੀ ’ਤੇ ਫ਼ਰਾਰ ਹੋ ਗਏ ਜਦੋਂਕਿ ਗੋਨਿਆਣਾ ਦੇ ਐਸਡੀਓ ਜੱਸਾ ਸਿੰਘ, ਜੇਈ ਗੁਰਮੇਲ ਸਿੰਘ, ਲਾਈਨਮੈਨ ਰਾਜੂ ਸਿੰਘ ਆਦਿ ਯੂਨੀਅਨ ਤੇ ਪਿੰਡ ਵਾਸੀਆਂ ਦੇ ਇਕੱਠ ’ਚ ਬੁਰੀ ਤਰ੍ਹਾਂ ਘਿਰ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁੱਜੇ ਬੀਕੇਯੂ ਵਰਕਰਾਂ ਨੇ ਪਾਵਰਕੌਮ ਦੀ ਟੀਮ ਨੂੰ ਬੰਦੀ ਬਣਾ ਕੇ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਨੇ ਮੰਗ ਕੀਤੀ ਕੇ ਐਕਸੀਅਨ ਵੱਲੋਂ ਕੋਰੇ ਕਾਗ਼ਜ਼ ’ਤੇ ਕਿਸਾਨ ਖ਼ਿਲਾਫ਼ ਕੀਤੀ ਕਾਰਵਾਈ ਰੱਦ ਕੀਤੀ ਜਾਵੇ ਤੇ ਕਾਗ਼ਜ਼ ਵਾਪਸ ਕੀਤਾ ਜਾਵੇ ਪਰ ਪਾਵਰਕੌਮ ਦੇ ਐਸਡੀਓ ਵੱਲੋਂ ਇਸ ਮੰਗ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ ਕੇ ਅਜਿਹਾ ਕਰਨਾ ਉਨ੍ਹਾਂ ਦੇ ਅਧਿਕਾਰ ਖੇਤਰ ’ਚ ਨਹੀਂ। ਯੂਨੀਅਨ ਨੇ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ। ਬਿਜਲੀ ਬੋਰਡ ਦੀ ਟੀਮ ਦੇ ਘਿਰਾਓ ਦੀ ਭਿਣਕ ਪੈਂਦਿਆਂ ਹੀ ਬਠਿੰਡਾ ਤੋਂ ਡੀਐਸਪੀ ਗੋਪਾਲ ਚੰਦ, ਥਾਣਾ ਨੇਹੀਆਂ ਵਾਲਾ ਦੇ ਮੁਖੀ ਜਸਵੀਰ ਸਿੰਘ ਚੌਕੀ ਕਿੱਲੀ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਕੌਰ ਸਿੰਘ ਵੀ ਪਹੁੰਚੇ। ਕਿਸਾਨ ਧਰਨਾਕਾਰੀ ਇਸ ਗੱਲ ’ਤੇ ਅੜੇ ਰਹੇ ਕਿ ਐਕਸੀਅਨ ਵੱਲੋਂ ਕਿਸਾਨ ਤੋਂ ਅੰਗੂਠਾ ਲਵਾ ਕੇ ਲਿਆ ਗਿਆ ਕਾਗ਼ਜ਼ ਵਾਪਸ ਕੀਤਾ ਜਾਵੇ। ਧਰਨਾਕਾਰੀਆਂ ’ਤੇ ਕੋਈ ਕੇਸ ਦਰਜ ਨਾ ਕੀਤਾ ਜਾਵੇ ਅਤੇ ਕਿਸਾਨ ’ਤੇ ਕੋਈ ਐਕਸ਼ਨ ਨਾ ਲਿਆ ਜਾਵੇ। ਅਖੀਰ ਐਸਡੀਓ ਗੋਨਿਆਣਾ ਜੱਸਾ ਸਿੰਘ ਨੇ ਪੰਚਾਇਤ ਦੀ ਹਾਜ਼ਰੀ ’ਚ ਲਿਖਤੀ ਵਿਸ਼ਵਾਸ ਦਿਵਾਇਆ ਕਿ ਇਸ ਮਾਮਲੇ ’ਚ ਕੋਈ ਕਾਰਵਾਈ ਨਾ ਕਰਵਾਉਣ ਲਈ ਅਧਿਕਾਰੀਆਂ ਨੂੰ ਲਿਖਣਗੇ। ਯੂਨੀਅਨ ਵੱਲੋਂ ਮੌਕੇ ’ਤੇ ਪਹੁੰਚੀ ਪੁਲੀਸ ਦੇ ਵੀ ਕੋਈ ਕਾਰਵਾਈ ਨਾ ਕਰਨ ਲਈ ਦਸਤਖ਼ਤ ਕਰਵਾਏ ਗਏ। ਇਸ ਸਬੰਧੀ ਐਸਡੀਓ ਜੱਸਾ ਸਿੰਘ ਦਾ ਕਹਿਣਾ ਹੈ ਕਿ ਇਨਫੋਰਸਮੈਂਟ ਦੀ ਟੀਮ ਵੱਲੋਂ ਕਾਰਵਾਈ ਕੀਤੀ ਗਈ ਸੀ ਪਰ ਯੂਨੀਅਨ ਨੇ ਟੀਮ ਦਾ ਘਿਰਾਓ ਕਰ ਲਿਆ। ਉਨ੍ਹਾਂ ਦਬਵੀਂ ਸ਼ੁਰੂ ’ਚ ਮੰਨਿਆ ਕਿ ਲਿਖਤੀ ਸਮਝੌਤੇ ਮੁਤਾਬਕ ਕਿਸਾਨ ਤੋਂ ਕੁੰਢੀ ਨਹੀਂ ਫੜੀ ਗਈ। ਇਸ ਸਬੰਧੀ ਮੌਕੇ ’ਤੇ ਪਹੁੰਚੇ ਡੀਐਸਪੀ ਗੋਪਾਲ ਚੰਦ ਨੇ ਕਿਹਾ ਕਿ ਜੇ ਬਿਜਲੀ ਬੋਰਡ ਨੇ ਕੋਈ ਲਿਖਤੀ ਸ਼ਿਕਾਇਤ ਕੀਤੀ ਤਾਂ ਉਹ ਕਾਰਵਾਈ ਕਰਨਗੇ।
INDIA ਬੀਕੇਯੂ ਉਗਰਾਹਾਂ ਵੱਲੋਂ ਪਾਵਰਕੌਮ ਦੀ ਟੀਮ ਦਾ ਘਿਰਾਓ