ਬੀਆਰਟੀਐਸ ਬੱਸ ਦੇ ਕਾਮਿਆਂ ਨੇ ਤਨਖਾਹਾਂ ਨਾ ਮਿਲਣ ਅਤੇ ਹੋਰ ਸਹੂਲਤਾਂ ਦੀ ਮੰਗ ਨੂੰ ਲੈ ਕੇ ਅੱਜ ਹੜਤਾਲ ਕੀਤੀ ਜਿਸ ਦੌਰਾਨ ਸੇਵਾਵਾਂ ਠੱਪ ਰੱਖੀਆਂ ਗਈਆਂ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਹੜਤਾਲ ‘ਤੇ ਬੈਠੇ ਕਾਮਿਆਂ ਦੇ ਆਗੂ ਸਤਵੰਤ ਸਿੰਘ ਨੇ ਦੱਸਿਆ ਕਿ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਅੱਜ ਕੰਮ ਠੱਪ ਰੱਖ ਕੇ ਹੜਤਾਲ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਤਨਖਾਹਾਂ ਹਰ ਮਹੀਨੇ ਸੱਤ ਅਤੇ ਅੱਠ ਤਰੀਕ ਨੂੰ ਮਿਲਣੀਆਂ ਚਾਹੀਦੀਆਂ ਹਨ। ਪਰ ਇਹ ਤਨਖਾਹਾਂ ਸਮੇਂ ਸਿਰ ਨਹੀਂ ਮਿਲ ਰਹੀਆਂ। ਇਸੇ ਤਰ੍ਹਾਂ ਹੋਰ ਸਹੂਲਤਾਂ ਵੀ ਮਿਲਣੀਆਂ ਚਾਹੀਦੀਆਂ ਹਨ। ਜਿਨ੍ਹਾਂ ਵਿਚ ਮੈਡੀਕਲ ਕਾਰਡ ਵੀ ਸ਼ਾਮਲ ਹੈ। ਕਾਮਿਆਂ ਨੇ ਜਨਵਰੀ ਤੋਂ ਲੈ ਕੇ ਹੁਣ ਤਕ ਦੇ ਆਪਣੇ ਪ੍ਰਾਡੀਡੈਂਟ ਫੰਡ ਖਾਤੇ ਦਾ ਵੀ ਹਿਸਾਬ ਮੰਗਿਆ ਹੈ। ਉਨ੍ਹਾਂ ਆਖਿਆ ਕਿ ਹਰੇਕ ਕਰਮਚਾਰੀ ਦੀ ਡਿਊਟੀ ਤਿੰਨ ਰੂਟਾਂ ਤੇ ਦਸ-ਦਸ ਦਿਨ ਵਾਸਤੇ ਲਾਈ ਜਾਵੇ। ਡਿਊਟੀ ਦੌਰਾਨ ਕੋਈ ਨੁਕਸਾਨ ਹੋਣ ‘ਤੇ ਉਸ ਦਾ ਹਰਜਾਨਾ ਕਾਮਿਆਂ ਤੋਂ ਨਾ ਵਸੂਲਿਆ ਜਾਵੇ। ਉਨ੍ਹਾਂ ਆਖਿਆ ਕਿ ਡਿਊਟੀ ਦੌਰਾਨ ਕੰਮ ਕਰਦੇ ਕਾਮਿਆਂ ਵਾਸਤੇ ਕੋਈ ਪਾਣੀ ਦੀ ਸੁਵਿਧਾ ਨਹੀਂ ਹੈ ਜਿਸ ਕਾਰਨ ਕਈ ਡਰਾਈਵਰ ਬਿਮਾਰ ਹੋ ਗਏ ਹਨ। ਬੱਸਾਂ ਵਿਚ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਇਸੇ ਤਰ੍ਹਾਂ ਪਖਾਨਿਆਂ ਦੀ ਸੁਵਿਧਾ ਵੀ ਮੁਹੱਈਆ ਕੀਤੀ ਜਾਵੇ। ਤਨਖਾਹ ਵਿਚ ਛੇ ਫੀਸਦ ਵਾਧਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਰਤੀ ਵੇਲੇ 26 ਦਿਨਾ ਦੀ ਡਿਊਟੀ ਦੀ ਤਨਖਾਹ 12700 ਰੁਪਏ ਦੇਣਾ ਤੈਅ ਕੀਤੀ ਗਈ ਸੀ, ਜਿਸ ਵਿਚ 4 ਛੁੱਟੀਆਂ ਸ਼ਾਮਲ ਸਨ ਪਰ ਹੁਣ 30 ਦਿਨਾਂ ਦੇ 12700 ਰੁਪਏ ਦਿੱਤੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇਹ ਤਨਖਾਹ ਸਿਰਫ 26 ਦਿਨਾਂ ਲਈ ਹੈ। ਇਸ ਤੋਂ ਵੱਧ ਦਿਨ ਲੱਗਣ ’ਤੇ ਵਾਧੂ ਤਨਖਾਹ ਦਿੱਤੀ ਜਾਵੇ।
INDIA ਬੀਆਰਟੀਐਸ ਕਾਮਿਆਂ ਦੀ ਹੜਤਾਲ; ਸੇਵਾ ਠੱਪ