ਪਟਨਾ (ਸਮਾਜ ਵੀਕਲੀ) : ਬਿਹਾਰ ਅਸੈਂਬਲੀ ਦੀਆਂ 243 ਸੀਟਾਂ ਅਤੇ 11 ਰਾਜਾਂ ਦੀਆਂ 58 ਅਸੈਂਬਲੀ ਸੀਟਾਂ ’ਤੇ ਹੋਈ ਜ਼ਿਮਨੀ ਚੋਣ ਦੇ ਨਤੀਜੇ ਮੰਗਲਵਾਰ ਨੂੰ ਐਲਾਨੇ ਜਾਣਗੇ। ਚੋਣ ਸਰਵੇਖਣਾਂ ਵਿੱਚ ਜਿੱਥੇ ਬਿਹਾਰ ਵਿੱਚ ਸੱਤਾਧਾਰੀ ਐੱਨਡੀਏ ਗੱਠਜੋੜ ਦੇ ਮੁਕਾਬਲੇ ਰਾਸ਼ਟਰੀ ਜਨਤਾ ਦਲ ਆਗੂ ਤੇਜਸਵੀ ਯਾਦਵ ਦੀ ਅਗਵਾਈ ਵਾਲੇ ਮਹਾਗੱਠਜੋੜ ਦਾ ਹੱਥ ਉਪਰ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ, ਉਥੇ ਮੱਧ ਪ੍ਰਦੇਸ਼ ਅਸੈਂਬਲੀ ਦੀਆਂ 28 ਸੀਟਾਂ ਦੇ ਨਤੀਜੇ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਵਾਲੀ ਸਰਕਾਰ ਦਾ ਭਵਿੱਖ ਨਿਰਧਾਰਿਤ ਕਰਨਗੀਆਂ।
ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ ਤੇ ਗਿਣਤੀ ਕੇਂਦਰਾਂ ਦੇ ਬਾਹਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਚੋਣ ਕਮਿਸ਼ਨ ਨੇ ਗਿਣਤੀ ਕੇਂਦਰਾਂ ਵਿੱਚ ਕੋਵਿਡ-19 ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸਖ਼ਤ ਹਦਾਇਤਾਂ ਕੀਤੀਆਂ ਹਨ। ਇਸੇ ਦੌਰਾਨ ਕਾਂਗਰਸ ਨੇ ਆਪਣੇ ਆਗੂਆਂ ਨੂੰ ਬਿਹਾਰ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਾਲੇ ਸਟਰਾਂਗ ਰੂਮਾਂ ਦੀ ਰਾਖੀ ਕਰਨ ਲਈ ਆਖਿਆ ਹੈ। ਕਾਂਗਰਸ ਨੇ ਕਿਹਾ ਕਿ ਚੋਣ ਸਰਵੇਖਣਾਂ ਵੱਲੋਂ ਮਹਾਗੱਠਜੋੜ ਦੇ ਹੱਕ ਵਿੱਚ ਫ਼ਤਵਾ ਦੇਣ ਮਗਰੋਂ ਵਿਰੋਧੀ ਈਵੀਐੱਮਜ਼ ਨਾਲ ਛੇੜਛਾੜ ਕਰ ਸਕਦੇ ਹਨ।
ਬਿਹਾਰ ਦੇ ਮੁੱਖ ਚੋਣ ਅਧਿਕਾਰੀ ਐੱਚ.ਆਰ.ਸ੍ਰੀਨਿਵਾਸ ਨੇ ਕਿਹਾ ਕਿ ਸਟਰਾਂਗ ਰੂਮਾਂ ਦੇ ਬਾਹਰ ਕੇਂਦਰੀ ਹਥਿਆਰਬੰਦ ਪੁਲੀਸ ਬਲ ਤਾਇਨਾਤ ਕੀਤੇ ਗਏ ਹਨ ਤੇ ਮੰਗਲਵਾਰ ਸਵੇਰੇ ਡਾਕ ਮਤਪੱਤਰ ਦੀ ਗਿਣਤੀ ਮਗਰੋਂ ਈਵੀਐੱਮਜ਼ ਖੋਲ੍ਹੀਆਂ ਜਾਣਗੀਆਂ। 243 ਮੈਂਬਰੀ ਵਿਧਾਨ ਸਭਾ ਵਿੱਚ ਭਲਕੇ ਸਾਰਿਆਂ ਦੀਆਂ ਨਜ਼ਰਾਂ ਵੈਸ਼ਾਲੀ ਜ਼ਿਲ੍ਹੇ ਦੀ ਰਾਘੋਪੁਰ ਸੀਟ ’ਤੇ ਹੋਵੇਗੀ, ਜਿੱਥੋਂ ਤੇਜਸਵੀ ਯਾਦਵ ਮੁੜ ਚੋਣ ਲੜ ਰਹੇ ਹਨ। ਯਾਦਵ ਬਿਹਾਰ ਵਿਧਾਨ ਪ੍ਰੀਸ਼ਦ ਦੇ ਮੈਂਬਰ ਹਨ ਤੇ ਉਨ੍ਹਾਂ ਹੁਣ ਤਕ ਵਿਧਾਨ ਸਭਾ ਚੋਣ ਨਹੀਂ ਲੜੀ। ਇਸ ਸੀਟ ’ਤੇ ਸੂਬੇ ਦੇ ਦੋ ਸਾਬਕਾ ਮੁੱਖ ਮੰਤਰੀਆਂ ਤੇ ਤੇਜਸਵੀ ਦੇ ਮਾਤਾ-ਪਿਤਾ ਲਾਲੂ ਪ੍ਰਸਾਦ ਦੇ ਰਾਬੜੀ ਦੇਵੀ ਦਾ ਦਬਦਬਾ ਰਿਹਾ ਹੈ। ਬਿਹਾਰ ਦੇ 38 ਜ਼ਿਲ੍ਹਿਆਂ ਵਿੱਚ 55 ਗਿਣਤੀ ਕੇਂਦਰ ਸਥਾਪਤ ਕੀਤੇ ਗਏ ਹਨ। ਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਨਿਤੀਸ਼ ਬਿਹਾਰ ਵਿਧਾਨ ਪ੍ਰੀਸ਼ਦ ਦੇ ਮੈਂਬਰ ਹਨ, ਜਿਸ ਕਰਕੇ ਉਨ੍ਹਾਂ ਵਿਧਾਨ ਸਭਾ ਦੀ ਚੋਣ ਨਹੀਂ ਲੜੀ।