ਅੰਮ੍ਰਿਤਸਰ (ਸਮਾਜਵੀਕਲੀ) : ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਪੁਲੀਸ ਕੇਸ ਬਾਰੇ ਨੋਟਿਸ ਦੇਣ ਆਏ ਬਿਹਾਰ ਪੁਲੀਸ ਦੇ ਮੁਲਾਜ਼ਮਾਂ ਦਾ ਅੱਜ ਵੀ ਉਨ੍ਹਾਂ ਨਾਲ ਮੇਲ ਨਹੀਂ ਹੋ ਸਕਿਆ। ਜ਼ਿਲ੍ਹਾ ਕਟਿਹਾਰ ਦੇ ਥਾਣਾ ਵਰਸੋਈ ਦੀ ਪੁਲੀਸ ਦੇ ਇਹ ਕਰਮਚਾਰੀ ਅੱਜ ਵੀ ਸ੍ਰੀ ਸਿੱਧੂ ਦੇ ਘਰ ਦੇ ਬਾਹਰ ਬੈਠ ਕੇ ਉਡੀਕ ਕਰਦੇ ਰਹੇ।
ਸਬ ਇੰਸਪੈਕਟਰ ਜਨਾਰਦਨ ਨੇ ਦੱਸਿਆ ਕਿ ਲੋਕ ਸਭਾ ਚੋਣਾ ਦੇ ਪ੍ਰਚਾਰ ਦੌਰਾਨ 16 ਅਪਰੈਲ 2019 ਨੂੰ ਇਹ ਮਾਮਲਾ ਦਰਜ ਹੋਇਆ ਸੀ, ਜਿਸ ਵਿਚ ਉਹ ਨੋਟਿਸ ਦੇਣ ਆਏ ਹਨ ਪਰ ਹੁਣ ਤਕ ਉਨ੍ਹਾਂ ਨਾਲ ਮੁਲਾਕਾਤ ਨਹੀਂ ਹੋ ਸਕੀ। ਉਸ ਨੇ ਆਖਿਆ ਕਿ ਆਪਣੇ ਉਚ ਅਧਿਕਾਰੀ ਨੂੰ ਜਾਣੂ ਕਰਵਾ ਦਿੱਤਾ ਹੈ ਅਤੇ ਉਨ੍ਹਾਂ ਦੇ ਆਦੇਸ਼ ਮਿਲਣ ਮਗਰੋਂ ਹੀ ਵਾਪਸ ਜਾ ਸਕਣਗੇ। ਇਸ ਸਬੰਧੀ ਸਿੱਧੂ ਨਾਲ ਸੰਪਰਕ ਨਹੀਂ ਹੋ ਸਕਿਆ ਅਤੇ ਉਨ੍ਹਾਂ ਦੇ ਦਫਤਰੀ ਅਮਲੇ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।