ਪਟਨਾ (ਸਮਾਜ ਵੀਕਲੀ): ਚੋਣ ਕਮਿਸ਼ਨ ਨੇ ਬਿਹਾਰ ਅਸੈਂਬਲੀ ਲਈ ਤਿੰਨ ਗੇੜਾਂ ਵਿੱਚ ਪਈਆਂ ਵੋਟਾਂ ਦੀ 10 ਨਵੰਬਰ ਨੂੰ ਹੋਣ ਵਾਲੀ ਗਿਣਤੀ ਲਈ ਵਿਆਪਕ ਪ੍ਰਬੰਧ ਕੀਤੇ ਹਨ। ਕਮਿਸ਼ਨ ਨੇ ਕੁੱਲ ਮਿਲਾ ਕੇ 38 ਜ਼ਿਲ੍ਹਿਆਂ ਵਿੱਚ 55 ਗਿਣਤੀ ਕੇਂਦਰ ਸਥਾਪਤ ਕੀਤੇ ਹਨ। ਇਨ੍ਹਾਂ ਕੇਂਦਰਾਂ ਵਿੱਚ 414 ਦੇ ਕਰੀਬ ਹਾਲ ਹਨ। 7 ਨਵੰਬਰ ਨੂੰ ਆਖਰੀ ਗੇੜ ਦੀਆਂ ਚੋਣਾਂ ਮਗਰੋਂ ਮੁੱਖ ਮੰਤਰੀ ਨਿਤੀਸ਼ ਕੁਮਾਰ, ਊਪ ਮੁੱਖ ਮੰਤਰੀ ਸੁਸ਼ੀਲ ਮੋਦੀ, ਆਰਜੇਡੀ ਆਗੂ ਤੇਜਸਵੀ ਯਾਦਵ ਸਮੇਤ ਵੱਖ ਵੱਖ ਪਾਰਟੀਆਂ ਦੇ ਹੋਰਨਾਂ ਦਿੱਗਜਾਂ ਦੀ ਕਿਸਮਤ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਗਈ ਹੈ। ਲੰਘੇ ਦਿਨ ਜਾਰੀ ਚੋਣ ਸਰਵੇਖਣਾਂ ਵਿੱਚ ਆਰਜੇਡੀ ਦੀ ਅਗਵਾਈ ਵਾਲੇ ਮਹਾਗੱਠਜੋੜ ਦਾ ਹੱਥ ਊਪਰ ਵਿਖਾਇਆ ਗਿਆ ਹੈ।
ਮੰਗਲਵਾਰ ਨੂੰ ਹੋਣ ਵਾਲੀ ਗਿਣਤੀ ਲਈ ਸਭ ਤੋਂ ਵੱਧ ਗਿਣਤੀ ਕੇਂਦਰ ਚਾਰ ਜ਼ਿਲ੍ਹਿਆਂ ਪੂਰਬੀ ਚੰਪਾਰਨ (12 ਅਸੈਂਬਲੀ ਹਲਕੇ), ਗਯਾ (10 ਹਲਕੇ), ਸਿਵਾਨ (8 ਹਲਕੇ) ਤੇ ਬੇਗੂਸਰਾਏ (7 ਹਲਕੇ) ਵਿੱਚ ਹਨ। ਬਾਕੀ ਬਚਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਇਕ ਜਾਂ ਦੋ ਗਿਣਤੀ ਕੇਂਦਰ ਹਨ। ਸੂਬੇ ਵਿੱਚ ਕਰੋਨਾਵਾਇਰਸ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਵੋਟਾਂ ਦੀ ਗਿਣਤੀ ਦੌਰਾਨ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਊਣ ਲਈ ਹਦਾਇਤਾਂ ਕੀਤੀਆਂ ਗਈਆਂ ਹਨ। ਗਿਣਤੀ ਕੇਂਦਰਾਂ ਵਿੱਚ ਦਾਖ਼ਲੇ ਲਈ ਮੂੰਹ ’ਤੇ ਮਾਸਕ ਪਾਊਣਾ ਲਾਜ਼ਮੀ ਹੋਵੇਗਾ ਜਦੋਂਕਿ ਕੇਂਦਰਾਂ ਵਿੱਚ ਸੈਨੇਟਾਈਜ਼ਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਰਾਜਧਾਨੀ ਪਟਨਾ ਵਿੱਚ ੲੇ.ਐੱਨ.ਕਾਲਜ ਵਿਚ ਸਥਾਪਤ ਇਕੋ ਸੈਂਟਰ ਵਿੱਚ 14 ਅਸੈਂਬਲੀ ਹਲਕਿਆਂ ਦੀਆਂ ਵੋਟਾਂ ਗਿਣੀਆਂ ਜਾਣਗੀਆਂ। ਚੋਣ ਕਮਿਸ਼ਨ ਨੇ ਕਿਹਾ ਕਿ ਊਸ ਨੇ ਕਾਲਜ ਵਿੱਚ 30 ਗਿਣਤੀ ਹਾਲ ਤਿਆਰ ਕੀਤੇ ਹਨ।
ਬਿਹਾਰ ਦੇ ਮੁੱਖ ਚੋਣ ਅਧਿਕਾਰੀ ਐੱਚ.ਆਰ.ਸ੍ਰੀਨਿਵਾਸ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਸਟ੍ਰਾਂਗ ਰੂਮ(ਜਿੱਥੇ ਈਵੀਐੱਮਜ਼ ਰੱਖੀਆਂ ਹਨ) ਅਤੇ ਗਿਣਤੀ ਕੇਂਦਰਾਂ ਲਈ ਤਿੰਨ ਪਰਤੀ ਸੁਰੱਖਿਆ ਪ੍ਰਬੰਧ ਤਿਆਰ ਕੀਤਾ ਹੈ। ਗਿਣਤੀ ਕੇਂਦਰਾਂ ਦੇ ਅੰਦਰ ਕੇਂਦਰੀ ਹਥਿਆਰਬੰਦ ਪੁਲੀਸ ਬਲ (ਸੀਏਪੀਐੱਫਜ਼) ਤਾਇਨਾਤ ਰਹਿਣਗੇ। ਦੂਜੀ ਪਰਤ ਬਿਹਾਰ ਮਿਲਟਰੀ ਪੁਲੀਸ ਅਤੇ ਤੀਜੀ ਪਰਤ ਜ਼ਿਲ੍ਹਾ ਪੁਲੀਸ ਦੀ ਹੋਵੇਗੀ।
ਸੀਈਓ ਨੇ ਕਿਹਾ ਕਿ ਚੋਣ ਕਮਿਸ਼ਨ ਗਿਣਤੀ ਦੌਰਾਨ ਰੌਲਾ-ਰੱਪਾ ਜਾਂ ਹੁੱਲੜਬਾਜ਼ੀ ਕਰਨ ਵਾਲੇ ‘ਗੈਰ ਸਮਾਜੀ’ ਅਨਸਰਾਂ ਨਾਲ ਸਖ਼ਤੀ ਨਾਲ ਸਿੱਝੇਗਾ। ਇਸ ਦੌਰਾਨ ਗਿਣਤੀ ਕੇਂਦਰਾਂ ਨਜ਼ਦੀਕ ਧਾਰਾ 144 ਤਹਿਤ ਪਾਬੰਦੀ ਦੇ ਹੁਕਮ ਆਇਦ ਰਹਿਣਗੇ।