ਪਟਨਾ (ਸਮਾਜਵੀਕਲੀ) : ਬਿਹਾਰ ਵਿੱਚ ਗੋਪਾਲਗੰਜ ਅਤੇ ਪੂਰਬੀ ਚੰਪਾਰਨ ਵਿਚਾਲੇ ਨਵੇਂ ਬਣੇ ਪੁਲ ਤੱਕ ਜਾਂਦੀ ਸੜਕ ਗੰਧਕ ਦਰਿਆ ਵਿੱਚ ਆਏ ਹੜ੍ਹਾਂ ਦੇ ਪਾਣੀ ਕਾਰਨ ਧਸ ਜਾਣ ਕਰਕੇ ਸੂਬੇ ਦੀ ਸਿਆਸਤ ਭਖ ਗਈ ਹੈ। ਇਹ ਪੁਲ ਅਜੇ ਪਿਛਲੇ ਮਹੀਨੇ ਹੀ ਚਾਲੂ ਕੀਤਾ ਗਿਆ ਸੀ।
ਵਿਰੋਧੀ ਧਿਰ ਦੇ ਆਗੂ ਤੇਜਸਵੀ ਯਾਦਵ ਨੇ ਆਪਣੇ ਟਵਿੱਟਰ ਖਾਤੇ ’ਤੇ ਸੜਕ ਦੇ ਧਸੇ ਹਿੱਸੇ ਦੀ ਤਸਵੀਰ ਸਾਂਝੀ ਕਰਦਿਆਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ, ਜਿਨ੍ਹਾਂ ਨੇ ਬੀਤੀ 16 ਜੂਨ ਨੂੰ ਸੱਤਰਘਾਟ ਪੁਲ ਦਾ ਊਦਘਾਟਨ ਕੀਤਾ ਸੀ। ਸੌ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਅੱਠ ਸਾਲਾਂ ਦੌਰਾਨ ਬਣਿਆ ਪੁਲ ਕਰੀਬ ਇੱਕ ਕਿਲੋਮੀਟਰ ਲੰਬਾ ਹੈ। ਦੂਜੇ ਪਾਸੇ, ਸਰਕਾਰ ਨੇ ਤੁਰੰਤ ਸਪੱਸ਼ਟੀਕਰਨ ਜਾਰੀ ਕਰਦਿਆਂ ਕਿਹਾ ਕਿ ਪੁਲ ਨਹੀਂ ਟੁੱਟਿਆ ਹੈ।
ਸੜਕ ਨਿਰਮਾਣ ਵਿਭਾਗ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੜਕ ਦਾ ਧਸਿਆ ਹੋਇਆ ਹਿੱਸਾ ਪੁਲ ਤੋਂ ਕਰੀਬ ਦੋ ਕਿਲੋਮੀਟਰ ਦੂਰ ਹੈ। ਬਿਆਨ ਵਿੱਚ ਕਿਹਾ ਗਿਅਾ ਕਿ ਸੜਕ ਦਾ ਨੁਕਸਾਨ ਨਿਰਮਾਣ ’ਚ ਰਹੇ ਕਿਸੇ ਨੁਕਸ ਕਾਰਨ ਨਹੀਂ ਬਲਕਿ ਗੋਪਾਲਗੰਜ ਵਾਲੇ ਪਾਸ ਵਧੇ ਪਾਣੀ ਦੇ ਦਬਾਅ ਕਾਰਨ ਹੋਇਆ ਹੈ। ਹੜ੍ਹਾਂ ਦੀ ਸਥਿਤੀ ਵਿੱਚ ਸੁਧਾਰ ਹੁੰਦਿਆਂ ਹੀ ਸੜਕ ਨੂੰ ਟਰੈਫਿਕ ਲਈ ਤਿਆਰ ਕਰ ਦਿੱਤਾ ਜਾਵੇਗਾ।
ਰਾਸ਼ਟਰੀ ਜਨਤਾ ਦਲ ਦੇ ਆਗੂ ਤੇ ਸਾਬਕਾ ਊਪ ਮੁੱਖ ਮੰਤਰੀ ਤੇਜਸਵੀ ਯਾਦਵ ਅਤੇ ਬਿਹਾਰ ਕਾਂਗਰਸ ਦੇ ਮੁਖੀ ਮਦਨ ਮੋਹਨ ਝਾਅ ਨੇ ਇਸ ਮੁੱਦੇ ’ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ’ਤੇ ਹਮਲੇ ਕੀਤੇ। ਤੇਜਸਵੀ ਨੇ ਵਿਅੰਗ ਕੱਸਦਿਆਂ ਕਿਹਾ, ‘‘ਖ਼ਬਰਦਾਰ, ਜੇ ਕਿਸੇ ਨੇ ਇਸ ਨੂੰ ਨਿਤੀਸ਼ ਕੁਮਾਰ ਦਾ ਭ੍ਰਿਸ਼ਟਾਚਾਰ ਆਖਿਆ।’’ ਊਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਕੁਮਾਰ ਇੱਕ ਸ਼ਬਦ ਵੀ ਨਹੀਂ ਬੋਲਣਗੇ। ਕਾਂਗਰਸੀ ਆਗੂਆਂ ਨੇ ਕਿਹਾ ਕਿ ਇਹ ਭਾਜਪਾ-ਜੇਡੀਯੂ ਸਰਕਾਰ ਦੇ ਭ੍ਰਿਸ਼ਟਾਚਾਰ ਦਾ ਨਤੀਜਾ ਹੈ। ਇੱਕ ਘਪਲੇ ਦੀ ਜਾਂਚ ਪੂਰੀ ਨਹੀਂ ਹੋਈ ਕਿ ਹੁਣ ਨਵਾਂ ਮਾਮਲਾ ਸਾਹਮਣੇ ਆ ਗਿਆ।