ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਜ਼ੋਰ ਕੇ ਆਖਿਆ ਕਿ ਸੂਬੇ ਵਿੱਚ ਸੱਤਾਧਾਰੀ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਪੂਰੀ ਤਰ੍ਹਾਂ ਇਕਜੁੱਟ ਹੈ ਤੇ ਅੱਗੋਂ ਵੀ ਰਹੇਗਾ। ਕੁਮਾਰ ਨੇ ਪਿਛਲੇ ਦਿਨੀਂ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਆਗੂ ਤੇਜਸਵੀ ਯਾਦਵ ਨਾਲ ਮੀਟਿੰਗ ਕੀਤੀ, ਜਿਸ ਮਗਰੋਂ ਕਈ ਤਰ੍ਹਾਂ ਦੇ ਕਿਆਸਾਂ ਦਾ ਦੌਰ ਸ਼ੁਰੂ ਹੋ ਗਿਆ ਸੀ। ਕੁਮਾਰ ਨੇ ਅੱਜ ਉਪਰੋਕਤ ਬਿਆਨ ਦੇ ਕੇ ਇਨ੍ਹਾਂ ਕਿਆਸਅਰਾਈਆਂ ਦਾ ਭੋਗ ਪਾ ਦਿੱਤਾ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਗੱਠਜੋੜ ਅਗਾਮੀ ਅਸੈਂਬਲੀ ਚੋਣਾਂ ’ਚ 200 ਤੋਂ ਵੱਧ ਸੀਟਾਂ ਜਿੱਤੇਗਾ।
ਮੁੱਖ ਮੰਤਰੀ ਨਿਤੀਸ਼ ਕੁਮਾਰ, ਜੋ ਜਨਤਾ ਦਲ (ਯੂਨਾਈਟਿਡ) ਦੇ ਕੌਮੀ ਪ੍ਰਧਾਨ ਵੀ ਹਨ, ਨੇ ਪਾਰਟੀ ਦੇ ਵਰਕਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਪਾਰਟੀ ਵਰਕਰਾਂ ਨੂੰ ਨਸੀਹਤ ਦਿੱਤੀ ਕਿ ਉਹ ਆਗਾਮੀ ਅਸੈਂਬਲੀ ਚੋਣਾਂ ਵਿੱਚ ਐੱਨਡੀਏ ਦੀ ‘200 ਤੋਂ ਵਧ ਸੀਟਾਂ’ ’ਤੇ ਜਿੱਤ ਨੂੰ ਯਕੀਨੀ ਬਣਾਉਣ। ਬਿਹਾਰ ਦੀ 243 ਮੈਂਬਰੀ ਅਸੈਂਬਲੀ ਲਈ ਚੋਣਾਂ ਸਾਲ ਦੇ ਆਖਿਰ ’ਚ ਹੋਣੀਆਂ ਹਨ। ਸੋਧੇ ਹੋਏ ਨਾਗਰਿਕਤਾ ਐਕਟ (ਸੀਏਏ) ਨੂੰ ਲੈ ਕੇ ਬਣੇ ਸਿਆਸੀ ‘ਵਿਵਾਦਾਂ’ ਨਾਲ ਅਸਹਿਮਤੀ ਜ਼ਾਹਰ ਕਰਦਿਆਂ ਕੁਮਾਰ ਨੇ ਪਾਰਟੀ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ‘ਸੰਜਮ’ ਬਣਾ ਕੇ ਰੱਖਣ ਕਿਉਂਕਿ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਸਮਾਜ ਦੇ ਕੁਝ ਵਰਗਾਂ, ਖਾਸ ਕਰਕੇ ਘੱਟਗਿਣਤੀਆਂ ਦੇ ਮਨਾਂ ਵਿੱਚ ਜਿਹੜੇ ਤੌਖਲੇ ਸਨ, ਉਨ੍ਹਾਂ ਨੂੰ ਸੂਬਾ ਸਰਕਾਰ ਨੇ ਅਸੈਂਬਲੀ ਵਿੱਚ ਐੱਨਆਰਸੀ ਖ਼ਿਲਾਫ਼ ਇਕ ਮਤਾ ਪਾ ਕੇ ਦੂਰ ਕਰਨ ਦਾ ਯਤਨ ਕੀਤਾ ਹੈ। ਇਸੇ ਤਰ੍ਹਾਂ ਕੌਮੀ ਵਸੋਂ ਰਜਿਸਟਰ ਵਿਚ ਸ਼ਾਮਲ ਕੀਤੀਆਂ ਵਿਵਾਦਿਤ ਧਾਰਾਵਾਂ ਦਾ ਵੀ ਵਿਰੋਧ ਕੀਤਾ ਗਿਆ ਹੈ। ਜੇਡੀਯੂ ਨੇ ਸੰਸਦ ਵਿੱਚ ਸੀਏਏ ’ਤੇ ਹੋਈ ਬਹਿਸ ਦੌਰਾਨ ਇਸ ਦੀ ਹਮਾਇਤ ਕੀਤੀ ਸੀ। ਲੋਕ ਜਨਸ਼ਕਤੀ ਪਾਰਟੀ ਦੇ ਸੰਸਦ ਮੈਂਬਰ ਚਿਰਾਗ ਪਾਸਵਾਨ ਵੱਲੋਂ ਬਿਹਾਰ ’ਚ ਅਮਨ ਤੇ ਕਾਨੂੰਨ ਦੀ ਵਿਗੜਦੀ ਹਾਲਤ ਬਾਰੇ ਲਾਏ ਦੋਸ਼ਾਂ ਬਾਰੇ ਬੋਲਦਿਆਂ ਕੁਮਾਰ ਨੇ ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਆਬਾਦੀ ਪੱਖੋਂ ਸੂਬੇ ਵਿੱਚ ਅਪਰਾਧ ਦੀ ਦਰ ਅਜੇ ਵੀ ਸਭ ਤੋਂ ਘੱਟ ਹੈ।
INDIA ਬਿਹਾਰ ’ਚ ਐੱਨਡੀਏ ਪੂਰੀ ਤਰ੍ਹਾਂ ਇਕਜੁੱਟ: ਨਿਤੀਸ਼