ਪਟਨਾ/ਨਵੀਂ ਦਿੱਲੀ (ਸਮਾਜ ਵੀਕਲੀ) : ਬਿਹਾਰ ਦੀ 243 ਮੈਂਬਰੀ ਵਿਧਾਨ ਸਭਾ ਲਈ ਵੋਟਾਂ ਦਾ ਤੀਜਾ ਤੇ ਆਖ਼ਰੀ ਗੇੜ ਅੱਜ ਮੁਕੰਮਲ ਹੋ ਗਿਆ। ਇਸ ਤੋਂ ਬਾਅਦ ਸਾਰੀਆਂ ਨਜ਼ਰਾਂ ਹੁਣ ਐਗਜ਼ਿਟ ਪੋਲ (ਚੋਣ ਸਰਵੇਖਣਾਂ) ਉਤੇ ਲੱਗ ਗਈਆਂ ਹਨ। ਕਰੀਬ ਸਾਰੇ ਚੋਣ ਸਰਵੇਖਣਾਂ ਵਿਚ ਐਨਡੀਏ ਤੇ ਆਰਜੇਡੀ ਦੀ ਅਗਵਾਈ ਵਾਲੇ ਮਹਾਗੱਠਜੋੜ ਵਿਚਾਲੇ ਸਖ਼ਤ ਟੱਕਰ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਹੈ। ਕੁਝ ਸਰਵੇਖਣ ਕਿਸੇ ਨੂੰ ਵੀ ਬਹੁਮੱਤ ਨਾ ਮਿਲਣ ਵੱਲ ਇਸ਼ਾਰਾ ਕਰ ਰਹੇ ਹਨ।
ਏਬੀਪੀ ਨਿਊਜ਼-ਸੀ ਵੋਟਰ ਨੇ ਆਪਣੇ ਐਗਜ਼ਿਟ ਪੋਲ ਵਿਚ ਮਹਾਗੱਠਜੋੜ ਨੂੰ 108-131 ਸੀਟਾਂ ਤੇ ਐਨਡੀਏ ਨੂੰ 104-128 ਸੀਟਾਂ ਦਿੱਤੀਆਂ ਹਨ। ਟਾਈਮਜ਼ ਨਾਓ-ਸੀ ਵੋਟਰ ਨੇ ਐਨਡੀਏ ਨੂੰ 116 ਤੇ ਮਹਾਗੱਠਜੋੜ ਨੂੰ 120 ਸੀਟਾਂ ਦਿੱਤੀਆਂ ਹਨ। ਐਲਜੇਪੀ ਨੂੰ ਇਕ ਤੇ ਹੋਰਾਂ ਨੂੰ ਛੇ ਸੀਟਾਂ ਮਿਲਣ ਦੀ ਸੰਭਾਵਨਾ ਜਤਾਈ ਗਈ ਹੈ। ਇੰਡੀਆ ਟੀਵੀ ਨੇ ਐਨਡੀਏ ਤੇ ਮਹਾਗੱਠਜੋੜ ਵਿਚਾਲੇ ਤਕੜੇ ਮੁਕਾਬਲੇ ਦੀ ਸੰਭਾਵਨਾ ਜਤਾਈ ਹੈ। ਐਗਜ਼ਿਟ ਪੋਲ ਵਿਚ ਐਨਡੀਏ ਨੂੰ 112 (ਭਾਜਪਾ: 70, ਜੇਡੀ (ਯੂ): 42) ਅਤੇ ਵਿਰੋਧੀ ਧਿਰ ਮਹਾਗੱਠਜੋੜ ਨੂੰ 110 ਸੀਟਾਂ (ਆਰਜੇਡੀ: 85, ਕਾਂਗਰਸ-25) ਦਿੱਤੀਆਂ ਗਈਆਂ ਹਨ।
ਰਿਪਬਲਿਕ ਟੀਵੀ-ਜਨ ਕੀ ਬਾਤ ਚੋਣ ਸਰਵੇਖਣ ਵਿਚ ਮਹਾਗੱਠਜੋੜ ਦੀ ਜਿੱਤ ਦੱਸੀ ਗਈ ਹੈ ਤੇ ਵਿਰੋਧੀ ਧਿਰ ਨੂੰ 118-138 ਸੀਟਾਂ, ਐਨਡੀਏ ਨੂੰ 91-117 ਸੀਟਾਂ, ਐਲਜੇਪੀ ਨੂੰ 5-8 ਤੇ ਹੋਰਾਂ ਨੂੰ 3-6 ਸੀਟਾਂ ਮਿਲਣ ਦੀ ਸੰਭਾਵਨਾ ਜਤਾਈ ਗਈ ਹੈ। ਟੀਵੀ9 ਭਾਰਤਵਰਸ਼ ਦੇ ਚੋਣ ਸਰਵੇਖਣਾਂ ਮੁਤਾਬਕ ਐਨਡੀਏ ਨੂੰ 115, ਮਹਾਗੱਠਜੋੜ ਨੂੰ 120, ਐਲਜੇਪੀ ਨੂੰ ਤਿੰਨ ਤੇ ਹੋਰਾਂ ਨੂੰ ਛੇ ਸੀਟਾਂ ਦਿੱਤੀਆਂ ਗਈਆਂ ਹਨ। ਈਟੀਜੀ ਸਰਵੇਖਣ ਵਿਚ ਮਹਾਗੱਠਜੋੜ ਨੂੰ 120, ਐਨਡੀਏ ਨੂੰ 114, ਐਲਜੇਪੀ ਨੂੰ 3 ਤੇ ਹੋਰਾਂ ਨੂੰ ਛੇ ਸੀਟਾਂ ਦਿੱਤੀਆਂ ਗਈਆਂ ਹਨ। ਟੂਡੇਜ਼ ਚਾਣਕਿਆ ਐਗਜ਼ਿਟ ਪੋਲ ਨੇ ਮਹਾਗੱਠਜੋੜ ਨੂੰ ਸਪੱਸ਼ਟ ਬਹੁਮਤ ਦਿੱਤਾ ਹੈ।
ਮਹਾਗੱਠਜੋੜ ਨੂੰ 180, ਐਨਡੀਏ ਨੂੰ 55, ਐਲਜੇਪੀ ਨੂੰ 0 ਤੇ ਹੋਰਾਂ ਨੂੰ ਅੱਠ ਸੀਟਾਂ ਦਿੱਤੀਆਂ ਗਈਆਂ ਹਨ। ਇੰਡੀਆ ਟੂਡੇ- ਮਾਈ ਐਕਸਿਸ ਸਰਵੇਖਣ ਮੁਤਾਬਕ 44 ਪ੍ਰਤੀਸ਼ਤ ਲੋਕ ਤੇਜਸਵੀ ਯਾਦਵ, 35 ਪ੍ਰਤੀਸ਼ਤ ਨਿਤੀਸ਼ ਕੁਮਾਰ ਤੇ ਸੱਤ ਪ੍ਰਤੀਸ਼ਤ ਚਿਰਾਗ ਪਾਸਵਾਨ ਨੂੰ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ। ਚੋਣਾਂ ਦਾ ਤੀਜਾ ਗੇੜ ਅੱਜ ਛੇ ਵਜੇ ਖ਼ਤਮ ਹੋਇਆ। ਦੱਸਣਯੋਗ ਹੈ ਕਿ ਵਿਧਾਨ ਸਭਾ ਵਿਚ ਬਹੁਮੱਤ ਹਾਸਲ ਕਰਨ ਲਈ 122 ਸੀਟਾਂ ਦੀ ਲੋੜ ਹੈ। ਇੰਡੀਆ ਟੀਵੀ ਦੇ ਐਗਜ਼ਿਟ ਪੋਲ ਮੁਤਾਬਕ ਮੁੱਖ ਮੰਤਰੀ ਦੇ ਅਹੁਦੇ ਲਈ ਤੇਜਸਵੀ ਯਾਦਵ (31) ਪਹਿਲੀ ਪਸੰਦ ਹਨ।
ਜ਼ਿਕਰਯੋਗ ਹੈ ਕਿ ਪਹਿਲੇ ਗੇੜ ਦੀ ਚੋਣ ਪ੍ਰਕਿਰਿਆ 28 ਅਕਤੂਬਰ ਨੂੰ ਹੋਈ ਸੀ ਤੇ ਦੂਜੇ ਗੇੜ ਲਈ ਵੋਟਾਂ ਤਿੰਨ ਨਵੰਬਰ ਨੂੰ ਪਈਆਂ ਸਨ। ਨਤੀਜੇ ਦਸ ਨਵੰਬਰ ਨੂੰ ਐਲਾਨੇ ਜਾਣਗੇ। ਬਿਹਾਰ ਚੋਣਾਂ ਨੂੰ ਤਿੰਨ ਵਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਬਾਰੇ ਰਾਇਸ਼ੁਮਾਰੀ ਵਜੋਂ ਦੇਖਿਆ ਜਾ ਰਿਹਾ ਹੈ। ਨਿਤੀਸ਼ ਦੀ ਪਾਰਟੀ ਜੇਡੀ(ਯੂ) ਭਾਜਪਾ ਦੀ ਅਗਵਾਈ ਵਾਲੇ ਐਨਡੀਏ ਨਾਲ ਭਾਈਵਾਲੀ ਪਾ ਕੇ ਚੋਣਾਂ ਲੜ ਰਹੀ ਹੈ। ਜਦਕਿ 2015 ਵਿਚ ਜੇਡੀ(ਯੂ) ਮਹਾਗੱਠਜੋੜ ਦਾ ਹਿੱਸਾ ਸੀ।