ਨਵੀਂ ਦਿੱਲੀ (ਸਮਾਜ ਵੀਕਲੀ) : ਭਾਜਪਾ ਨੇ ਬਿਹਾਰ ਚੋਣਾਂ ਲਈ 46 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਸ਼ਾਮਲ ਉਮੀਦਵਾਰ ਦੂਜੇ ਗੇੜ ਦੀਆਂ ਚੋਣਾਂ ਦੌਰਾਨ ਆਪਣੀ ਕਿਸਮਤ ਅਜ਼ਮਾਉਣਗੇ। ਭਾਜਪਾ ਹੁਣ ਤੱਕ 75 ਅਸੈਂਬਲੀ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ।
ਪਟਨਾ ਸਾਹਿਬ ਤੋਂ ਸੂਬਾ ਸਰਕਾਰ ’ਚ ਮੰਤਰੀ ਰਹੇ ਨੰਦ ਕਿਸ਼ੋਰ ਯਾਦਵ ਤੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਦੇ ਪੁੱਤਰ ਨਿਤੀਸ਼ ਮਿਸ਼ਰਾ ਦਾ ਨਾਮ ਵੀ ਉਮੀਦਵਾਰਾਂ ਦੀ ਸੂਚੀ ਵਿੱਚ ਸ਼ਾਮਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇ.ਪੀ.ਨੱਢਾ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਆਦਿ ਦੀ ਸ਼ਮੂਲੀਅਤ ਵਾਲੀ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਤੋਂ ਇਕ ਦਿਨ ਮਗਰੋਂ ਇਹ ਸੂਚੀ ਜਾਰੀ ਕੀਤੀ ਗਈ ਹੈ। ਇਸ ਦੌਰਾਨ ਕਮੇਟੀ ਨੇ ਪੰਜ ਰਾਜਾਂ (ਛੱਤੀਸਗੜ੍ਹ, ਗੁਜਰਾਤ, ਝਾਰਖੰਡ, ਮਨੀਪੁਰ ਤੇ ਉੜੀਸਾ) ਦੀਆਂ 16 ਸੀਟਾਂ ’ਤੇ ਹੋਣ ਵਾਲੀ ਜ਼ਿਮਨੀ ਚੋਣ ਲਈ ਵੀ ਉਮੀਦਵਾਰਾਂ ਦੇ ਨਾਮ ਐਲਾਨ ਦਿੱਤੇ ਹਨ। ਭਾਜਪਾ, ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਜੇਡੀਯੂ ਨਾਲ ਮਿਲ ਕੇ ਚੋਣਾਂ ਲੜ ਰਹੀ ਹੈ।
ਇਸ ਗੱਠਜੋੜ ਦੇ ਦੋ ਹੋਰਨਾਂ ਭਾਈਵਾਲਾਂ ’ਚ ਵਿਕਾਸਸ਼ੀਲ ਇਨਸਾਨ ਪਾਰਟੀ (ਵੀਆਈਪੀ) ਤੇ ਹਿੰਦੁਸਤਾਨ ਅਵਾਮ ਮੋਰਚਾ (ਐੱਚਏਐੱਮ) ਸ਼ਾਮਲ ਹਨ। 243 ਮੈਂਬਰੀ ਬਿਹਾਰ ਅਸੈਂਬਲੀ ’ਚ ਭਾਜਪਾ 110 ਸੀਟਾਂ ’ਤੇ ਚੋਣ ਲੜ ਰਹੀ ਹੈ ਜਦੋਂਕਿ ਪਾਰਟੀ ਨੇ ਆਪਣੇ ਕੋਟੇ ’ਚੋਂ 11 ਸੀਟਾਂ ਵੀਆਈਪੀ ਨੂੰ ਦਿੱਤੀਆਂ ਹਨ। ਸੀਟ ਵੰਡ ਫਾਰਮੂਲੇ ਤਹਿਤ ਜੇਡੀਯੂ ਨੂੰ 122 ਸੀਟਾਂ ਮਿਲੀਆਂ ਹਨ ਤੇ ਉਹ ਇਸ ਵਿੱਚੋਂ ਸੱਤ ਸੀਟਾਂ ਐੱਚਏਐੱਮ ਨੂੰ ਦੇਵੇਗੀ। ਇਸ ਦੌਰਾਨ ਭਾਜਪਾ ਪ੍ਰਧਾਨ ਜੇ.ਪੀ.ਨੱਢਾ ਨੇ ਗਯਾ ਦੇ ਇਤਿਹਾਸਕ ਗਾਂਧੀ ਮੈਦਾਨ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂਕਿ ਬਿਹਾਰ ਦੀ ਨਿਤੀਸ਼ ਕੁਮਾਰ ਦੇ ਹੱਥਾਂ ’ਚ ਸੁਰੱਖਿਅਤ ਹੈ।