ਪਟਨਾ (ਸਮਾਜ ਵੀਕਲੀ): ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ’ਚ ਅੱਜ ਵੋਟਿੰਗ ’ਤੇ ਕਰੋਨਾਵਾਇਰਸ ਦਾ ਵਧੇਰੇ ਪ੍ਰਭਾਵ ਦੇਖਣ ਨੂੰ ਨਹੀਂ ਮਿਲਿਆ। ਇਨ੍ਹਾਂ ਚੋਣਾਂ ਦੇ ਪਹਿਲੇ ਗੇੜ ’ਚ ਅੱਜ ਅਨੁਮਾਨਿਤ ਤੌਰ ’ਤੇ 53.54 ਫ਼ੀਸਦ ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਜਦੋਂਕਿ ਸਾਲ 2015 ’ਚ ਇਨ੍ਹਾਂ ਜ਼ਿਲ੍ਹਿਆਂ ’ਚ 54.75 ਫ਼ੀਸਦ ਵੋਟਿੰਗ ਹੋਈ ਸੀ। ਇਹ ਜਾਣਕਾਰੀ ਚੋਣ ਕਮਿਸ਼ਨ ਨੇ ਆਪਣੇ ਆਰਜ਼ੀ ਅੰਕੜਿਆਂ ਰਾਹੀਂ ਦਿੱਤੀ। ਸੂਤਰਾਂ ਅਨੁਸਾਰ ਇਸ ਵਾਰ ਵੋਟਾਂ ਦੀ ਫ਼ੀਸਦ ਹੋਰ ਉੱਪਰ ਜਾ ਸਕਦੀ ਹੈ ਕਿਉਂ ਕਿ ਖ਼ਬਰ ਲਿਖੇ ਜਾਣ ਤੱਕ ਵੀ ਚੋਣ ਕਮਿਸ਼ਨ ਨੂੰ 16 ਜ਼ਿਲ੍ਹਿਆਂ ’ਚ ਫੈਲੇ 71 ਵਿਧਾਨ ਸਭਾ ਹਲਕਿਆਂ ਤੋਂ ਵੋਟ ਫ਼ੀਸਦ ਸਬੰਧੀ ਜਾਣਕਾਰੀ ਮਿਲਣੀ ਜਾਰੀ ਸੀ।
ਚੋਣ ਕਮਿਸ਼ਨ ਅਨੁਸਾਰ ਚੋਣਾਂ ਦੇ ਪਹਿਲੇ ਗੇੜ ਵਿੱਚ ਅੱਜ ਰਾਜ ਦੇ ਕੁੱਲ 243 ਵਿਧਾਨ ਸਭਾ ਹਲਕਿਆਂ ਵਿੱਚੋਂ 71 ਹਲਕਿਆਂ ਦੇ 53.54 ਫ਼ੀਸਦ ਵੋਟਰਾਂ ਨੇ ਵੋਟਾਂ ਪਾਈਆਂ। ਸਭ ਤੋਂ ਵੱਧ 59.57 ਵੋਟ ਫ਼ੀਸਦ ਬਾਂਕਾ ਜ਼ਿਲ੍ਹੇ ’ਚ ਦਰਜ ਕੀਤੀ ਗਈ ਜਦੋਂਕਿ ਸਭ ਤੋਂ ਘੱਟ 47.36 ਫ਼ੀਸਦ ਵੋਟਿੰਗ ਮੁੰਗਰ ਜ਼ਿਲ੍ਹੇ ’ਚ ਦਰਜ ਕੀਤੀ ਗਈ। ਇਨ੍ਹਾਂ ਹਲਕਿਆਂ ਵਿੱਚ ਕਰੀਬ 2.15 ਕਰੋੜ ਵੋਟਰ ਕਰੀਬ 1000 ਉਮੀਦਵਾਰਾਂ ਦੇ ਭਵਿੱਖ ਦਾ ਫ਼ੈਸਲਾ ਕਰਨਗੇ। ਇਸੇ ਦੌਰਾਨ ਨਵਾਦਾ ਜ਼ਿਲ੍ਹੇ ਵਿੱਚ ਪੈਂਦੇ ਹਿਸੂਆ ਵਿਧਾਨ ਸਭਾ ਹਲਕੇ ਦੇ ਪਿੰਡ ਫੁਲਮਾ ’ਚ ਬੂਥ ਨੰਬਰ 258 ’ਤੇ ਤਾਇਨਾਤ ਪੋਲਿੰਗ ਏਜੰਟ ਕ੍ਰਿਸ਼ਨ ਕੁਮਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।