‘ਜੰਗਲ ਰਾਜ ਕੇ ਯੁਵਰਾਜ’ ਤੋਂ ਖ਼ਬਰਦਾਰ ਰਹਿਣ ਬਿਹਾਰ ਦੇ ਲੋਕ: ਮੋਦੀ

ਦਰਭੰਗਾ/ਮੁਜ਼ੱਫ਼ਰਪੁਰ/ਪਟਨਾ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਵਿੱਚ ਮੁੱਖ ਵਿਰੋਧੀ ਧਿਰ ਰਾਸ਼ਟਰੀ ਜਨਤਾ ਦਲ ਨੂੰ ਨਿਸ਼ਾਨੇ ’ਤੇ ਲੈਂਦਿਆਂ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਤੇਜਸਵੀ ਯਾਦਵ ਨੂੰ ‘ਜੰਗਲ ਰਾਜ’ ਦਾ ‘ਯੁਵਰਾਜ’ ਕਹਿ ਕੇ ਸੱਦਿਆ ਹੈ। ਸ੍ਰੀ ਮੋਦੀ ਨੇ ਤੇਜਸਵੀ ’ਤੇ ਦਸ ਲੱਖ ਸਰਕਾਰੀ ਨੌਕਰੀਆਂ ਦੇਣ ਦੇ ਚੋਣ ਵਾਅਦੇ ਲਈ ਵੀ ਹਮਲੇ ਕੀਤੇ।

ਉਨ੍ਹਾਂ ਬਿਹਾਰ ਦੇ ਲੋਕਾਂ ਨੂੰ ਖ਼ਬਰਦਾਰ ਕਰਦਿਆਂ ਕਿਹਾ ਕਿ ਸੂਬੇ ਨੂੰ ‘ਬੀਮਾਰ’ ਬਣਾਉਣ ਵਾਲੇ ਲੋਕ ਜੇਕਰ ਆਲਮੀ ਕੋਵਿਡ-19 ਮਹਾਮਾਰੀ ਦਰਮਿਆਨ ਮੁੜ ਸੱਤਾ ਵਿੱਚ ਆ ਗਏ ਤਾਂ ਉਨ੍ਹਾਂ ਨੂੰ ਦੋਹਰੀ ਮਾਰ ਝੱਲਣੀ ਪੈ ਸਕਦੀ ਹੈ। ਉੱਤਰੀ ਬਿਹਾਰ ਵਿੱਚ ਦਰਭੰਗਾ ਤੇ ਮੁਜ਼ੱਫਰਪੁਰ ਅਤੇ ਪਟਨਾ ਵਿੱਚ ਊਪਰੋਥੱਲੀ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਹਿੰਦੂਤਵ ਦਾ ਰਾਗ ਅਲਾਪਦਿਆਂ ਅਯੁੱਧਿਆ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਯੁੱਧਿਆ ਵਿੱਚ ਰਾਮ ਮੰਦਰ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ ਅਤੇ ਜਿਹੜੇ ‘ਸਿਆਸੀ ਲੋਕ’ ਮੰਦਿਰ ਦੀ ਉਸਾਰੀ ’ਚ ਦੇਰੀ ਲਈ ਮਿਹਣੇ ਮਾਰਦੇ ਸਨ, ਅੱਜ ਉਹੀ ਤਾੜੀਆਂ ਮਾਰਨ ਲਈ ਮਜਬੂਰ ਹਨ।

ਸ੍ਰੀ ਮੋਦੀ ਨੇ ਆਰਜੇਡੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ, ‘ਸਰਕਾਰੀ ਨੌਕਰੀਆਂ ਨੂੰ ਤਾਂ ਭੁੱਲ ਜਾਓ। ਜੇਕਰ ਉਹ ਸਫ਼ਲ (ਜਿੱਤ ਗਏ) ਹੋ ਗਏ ਤਾਂ ਬਿਹਾਰ ਵਿੱਚ ਤਾਂ ਪ੍ਰਾਈਵੇਟ ਸੈਕਟਰ ਵਿੱਚ ਵੀ ਨੌਕਰੀਆਂ ਨਜ਼ਰ ਨਹੀਂ ਆਉਣੀਆਂ। ਪਾਰਟੀ(ਆਰਜੇਡੀ) ਕੋਲ ਅਗਵਾ ਜਿਹੀਆਂ ਘਟਨਾਵਾਂ ਦਾ ਕਾਪੀਰਾਈਟ ਹੈ। ਫਿਰੌਤੀ ਲਈ ਫੋਨ ਆਉਣਗੇ, ਧਮਕਾਇਆ ਜਾਵੇਗਾ ਤੇ ਕੰਪਨੀਆਂ ਨੂੰ ਮਜਬੂਰੀਵੱਸ ਆਪਣੀਆਂ ਦੁਕਾਨਾਂ ਬੰਦ ਕਰਕੇ ਭੱਜਣਾ ਪਏਗਾ।’ ਉਨ੍ਹਾਂ ਕਿਹਾ ਕਿ ਇਹ ਸਮਾਂ ‘ਹਵਾ ਹਵਾਈ’ (ਖੋਖਲੇ ਵਾਅਦਿਆਂ) ਦਾ ਨਹੀਂ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ‘ਇਹ ਚੋਣਾਂ ਉਨ੍ਹਾਂ ਲੋਕਾਂ ਨੂੰ ਮੁੜ ਚੁਣਨ ਦਾ ਹੈ, ਜਿਨ੍ਹਾਂ ਨੇ ਬਿਹਾਰ ਨੂੰ ਡੂੰਘੇ ਹਨੇਰੇ ’ਚੋਂ ਬਾਹਰ ਕੱਢਿਆ ਹੈ….ਕ੍ਰਿਪਾ ਕਰਕੇ ਖੁ਼ਦ ਨੂੰ ਇਕ ਸਵਾਲ ਜ਼ਰੂਰ ਪੁੱਛਿਓ ਕਿ ਕੀ ‘ਜੰਗਲ ਰਾਜ ਦੇ ਯੁਵਰਾਜ’ ਕੋਲ ਸੂਬੇ ਦੇ ਹੇਠਲੇ ਤੇ ਮੱਧ ਵਰਗ ਦੇ ਲੋਕਾਂ ਦੀਆਂ ਖ਼ਾਹਿਸ਼ਾਂ ਨੂੰ ਪੂਰਾ ਕਰਨ ਦਾ ਤਜਰਬਾ ਤੇ ਸਾਖ਼ ਹੈ।’ ਸ੍ਰੀ ਮੋਦੀ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸੂਬੇ ਨੂੰ ਕੁਸ਼ਾਸਨ ਤੋਂ ਸੁਸ਼ਾਸਨ ਅਤੇ ਹਨੇਰੇ ਤੋਂ ਰੌਸ਼ਨੀ ਵੱਲ ਲਿਜਾਣ ਲਈ ਤਾਰੀਫ਼ ਕੀਤੀ। ਕੁਮਾਰ ਨੂੰ ਸੂਬੇ ਦੇ ਮੌਜੂਦਾ ਤੇ ਅਗਲੇ ਮੁੱਖ ਮੰਤਰੀ ਵਜੋਂ ਸੰਬੋਧਤ ਹੁੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਪੰਦਰਾਂ ਸਾਲਾਂ ਵਿੱਚ ਬਿਹਾਰ ਦਾ ਵਿਕਾਸ ਹੋਣ ਨਾਲ ਲੋਕਾਂ ਦੀ ਖ਼ਾਹਿਸ਼ਾਂ ਵਧੀਆਂ ਹਨ ਤੇ ਸੂਬਾ ਅਗਲੀ ਆਈਟੀ ਹੱਬ ਬਣਨ ਜਿਹੇ ਨਵੇਂ ਮੀਲਪੱਥਰ ਸਥਾਪਤ ਕਰਨ ਦੀ ਦਿਸ਼ਾ ਵੱਲ ਵਧ ਰਿਹਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉਹ ਮਾਂ ਸੀਤਾ ਦੇ ਜਨਮ ਅਸਥਾਨ ਮਿਥਿਲਾ ਆ ਕੇ ਖ਼ੁਸ਼ ਹਨ।

Previous articleAlgerian Prez transferred to Germany for medical checks
Next articleਬਿਹਾਰ ਚੋਣਾਂ: ਪਹਿਲੇ ਗੇੜ ’ਚ 53.54 ਫ਼ੀਸਦ ਵੋਟਿੰਗ