ਬਿਹਾਰ ਚੋਣਾਂ ਦਾ ਦੂਜਾ ਗੇੜ ਅੱਜ, ਤੇਜਸਵੀ ਤੇ ਨਿਤੀਸ਼ ਦੇ ਚਾਰ ਮੰਤਰੀ ਮੈਦਾਨ ’ਚ

ਪਟਨਾ (ਸਮਾਜ ਵੀਕਲੀ): ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਤਹਿਤ ਭਲਕੇ 3 ਨਵੰਬਰ ਨੂੰ 17 ਜ਼ਿਲ੍ਹਿਆਂ ’ਚ ਫੈਲੇ 94 ਵਿਧਾਨ ਸਭਾ ਹਲਕਿਆਂ ਲਈ ਵੋਟਾਂ ਪੈਣਗੀਆਂ। ਇਸ ਦੌਰਾਨ ਕਰੀਬ 2.85 ਕਰੋੜ ਵੋਟਰ ਕਰੀਬ 1500 ਉਮੀਦਵਾਰਾਂ ਦੇ ਭਵਿੱਖ ਦਾ ਫ਼ੈਸਲਾ ਕਰਨਗੇ। ਮਿਲੀ ਜਾਣਕਾਰੀ ਅਨੁਸਾਰ ਇਸ ਗੇੜ ਵਿੱਚ ਵਿਰੋਧੀ ਮਹਾਗੱਠਜੋੜ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਤੇ ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ (31) ਮੈਦਾਨ ਹਨ।

ਉਹ ਵੈਸ਼ਾਲੀ ਵਿੱਚ ਰਾਘੋਪੁਰ ਵਿਧਾਨ ਸਭਾ ਹਲਕੇ ਤੋਂ ਦੂਜੀ ਵਾਰ ਚੋਣ ਲੜ ਰਹੇ ਹਨ। ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੇ ਵੱਡੇ ਭਰਾ ਤੇਜ ਪ੍ਰਤਾਪ ਯਾਦਵ ਸਮਸਤੀਪੁਰ ਜ਼ਿਲ੍ਹੇ ’ਚ ਪੈਂਦੇ ਹਸਨਪੁਰ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸੇ ਤਰ੍ਹਾਂ ਰਾਜ ਮੰਤਰੀ ਤੇ ਭਾਜਪਾ ਵਿਧਾਇਕ ਨੰਦ ਕਿਸ਼ੋਰ ਯਾਦਵ (ਪਟਨਾ ਸਾਹਿਬ), ਜਨਤਾ ਦਲ (ਯੂ) ਦੇ ਵਿਧਾਇਕ ਤੇ ਸਹਿਕਾਰਤਾ ਮੰਤਰੀ ਰਣਧੀਰ ਸਿੰਘ (ਮਧੂਬਨ) ਅਤੇ ਜਨਤ ਦਲ (ਯੂ) ਦੇ ਆਗੂ ਤੇ ਰਾਜ ਮੰਤਰੀ ਰਾਮਸੇਵਕ ਸਿੰਘ (ਹਥੂਆ) ਵੀ ਮੈਦਾਨ ’ਚ ਹਨ। ਪਟਨਾ ਦੀ ਬਾਂਕੀਪੁਰ ਸੀਟ ਤੋਂ ਕਾਂਗਰਸੀ ਆਗੂ ਸ਼ੱਤਰੂਘਨ ਸਿਨਹਾ ਦਾ ਪੁੱਤਰ ਲਵ ਸਿਨਹਾ ਵੀ ਇਸ ਗੇੜ ’ਚ ਆਪਣੀ ਕਿਸਮਤ ਅਜ਼ਮਾ ਰਿਹਾ ਹੈ।

Previous articleਰਾਜਸਥਾਨ: ਵਿਧਾਨ ਸਭਾ ਵੱਲੋਂ ਤਿੰਨ ਖੇਤੀ ਬਿੱਲ ਜ਼ੁਬਾਨੀ ਵੋਟਾਂ ਨਾਲ ਪਾਸ
Next articlePolling begins for 94 seats in Bihar amid tight security