ਕਵਿੰਦਰ ਸਿੰਘ ਬਿਸ਼ਟ (56 ਕਿਲੋ) ਨੇ ਮੌਜੂਦਾ ਵਿਸ਼ਵ ਚੈਂਪੀਅਨ ਕੈਰਾਟ ਯੇਰਾਲਿਯੇਵ ਨੂੰ ਹਰਾ ਕੇ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਪਹਿਲਾ ਤਗ਼ਮਾ ਪੱਕਾ ਕਰ ਲਿਆ ਹੈ, ਜਦਕਿ ਅਮਿਤ ਪੰਘਲ (52 ਕਿਲੋ) ਓਲੰਪਿਕ ਚੈਂਪੀਅਨ ਹਸਨਬੋਆਏ ਦੁਸਤਾਮੋਵ ਨੂੰ ਮਾਤ ਦੇ ਕੇ ਸੈਮੀ ਫਾਈਨਲ ਵਿੱਚ ਪਹੁੰਚ ਗਿਆ। ਮਹਿਲਾਵਾਂ ਦੇ ਮੁਕਾਬਲੇ ਵਿੱਚ ਸੋਨੀਆ ਚਾਹਲ (57 ਕਿਲੋ) ਨੇ ਵੀ ਆਖ਼ਰੀ-4 ਵਿੱਚ ਥਾਂ ਬਣਾਈ। ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਸੋਨੀਆ ਨੇ ਕੋਰੀਆ ਦੀ ਜੋ ਸੋਨ ਵਾ ਨੂੰ ਮਾਤ ਦਿੱਤੀ। ਕੌਮੀ ਚੈਂਪੀਅਨ ਦੀਪਕ ਸਿੰਘ (49 ਕਿਲੋ) ਨੇ ਵੀ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ ਹੈ, ਜਿਸ ਨੂੰ ਅਫ਼ਗਾਨਿਸਤਾਨ ਦੇ ਰਾਮਿਸ਼ ਰਹਿਮਾਨੀ ਨੇ ਵਾਕਓਵਰ ਦਿੱਤਾ। ਵਿਸ਼ਵ ਚੈਂਪੀਅਨਸ਼ਿਪ ਕਾਂਸੀ ਦਾ ਤਗ਼ਮਾ ਜੇਤੂ ਲਵਲੀਨਾ ਬੋਰਗੋਹੇਨ (69 ਕਿਲੋ) ਨੂੰ ਵਿਸ਼ਵ ਚੈਂਪੀਅਨ ਤਾਇਵਾਨ ਦੀ ਚੇਨ ਨੀਅਨ ਚਿਨ ਤੋਂ ਹਾਰ ਮਿਲੀ। ਬਿਸ਼ਟ ਨੇ ਬਹੁਸੰਮਤੀ ਵਾਲੇ ਫ਼ੈਸਲੇ ਵਿੱਚ ਕਜ਼ਾਕਿਸਤਾਨ ਦੇ ਯੇਰਾਲਿਯੇਵ ਨੂੰ ਹਰਾ ਕੇ ਆਪਣਾ ਪਹਿਲਾ ਤਗ਼ਮਾ ਪੱਕਾ ਕੀਤਾ। ਇਸ ਟੂਰਨਾਮੈਂਟ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਚੁੱਕੇ ਪੰਘਲ ਨੇ ਆਪਣੇ ਰਵਾਇਤੀ ਵਿਰੋਧੀ ਦੁਸਮਾਤੋਵ ਨੂੰ 3-2 ਨਾਲ ਹਰਾਇਆ। ਉਸ ਨੇ ਏਸ਼ਿਆਈ ਖੇਡਾਂ ਦੇ ਫਾਈਨਲ ਵਿੱਚ ਵੀ ਉਜ਼ਬੇਕਿਸਾਨ ਦੇ ਇਸ ਖਿਡਾਰੀ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ ਸੀ। ਮਹਿਲਾਵਾਂ ਦੇ ਇੱਕ ਹੋਰ ਮੁਕਾਬਲੇ ਵਿੱਚ ਸੀਮਾ ਪੂਨੀਆ (81 ਕਿਲੋ ਤੋਂ ਵੱਧ) ਨੂੰ ਚੀਨ ਦੀ ਯਾਂਗ ਸ਼ਿਓਲ ਨੇ 5-0 ਨਾਲ ਹਰਾਇਆ।
Sports ਬਿਸ਼ਟ ਤੇ ਪੰਘਲ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਜ਼ ’ਚ