ਬਿਰਧ ਆਸ਼ਰਮ ਦੀ ਪਰਚੀ

ਵੀਰ ਸਿੰਘ ਵੀਰਾ

(ਸਮਾਜ ਵੀਕਲੀ)

ਸਵੇਰ ਦੇ ਅੱਠ ਵੱਜ ਚੁੱਕੇ ਸਨ ਪਰਮਜੀਤ ਕੌਰ ਆਪਣੇ ਧਿਆਨੇ ਕਾਹਲੀ ਕਾਹਲੀ ਆਪਣੇ ਬੱਚਿਆਂ ਨੂੰ ਤਿਆਰ ਕਰ ਰਹੀ ਸੀ। ਟਾਈਮ ਪੀਸ ਵੱਲ ਵੇਖਦਿਆਂ ਹੀ ਮੂੰਹੋਂ ਨਿਕਲਿਆ, ਓ– ਅੱਜ ਤਾਂ ਬੱਚੇ ਕਾਫੀ ਲੇਟ ਹੋ ਗਏ, ਪਤਾ ਨਹੀਂ ਭਾਂਵੇਂ ਬੱਸ ਵੀ ਨਿਕਲ ਗਈ ਹੋਵੇ, ਪਰ ਬੱਸ ਵਾਲਾ ਤਾਂ  ਹਾਰਨ ਮਾਰ ਕੇ ਬੱਚਿਆਂ ਨੂੰ ਚੜ੍ਹਾ  ਕੇ ਲੈ ਕੇ ਜਾਂਦਾ ਸੀ ਪਰ ਅੱਜ ਤਾਂ ਲਗਦਾ ਆਇਆ ਨਹੀਂ ਹੋਣਾ। ਅਜੇ ਪਰਮਜੀਤ ਸੋਚ ਹੀ ਰਹੀ ਸੀ ਕਿ ਫੋਨ ਦੀ ਘੰਟੀ ਵੱਜੀ, ਪਰਮਜੀਤ ਨੇ ਛੇਤੀ ਨਾਲ ਫੋਨ ਕੰਨ ਨੂੰ ਲਾਇਆ ਅਤੇ ਹੈਲੋ ਕਿਹਾ, ਅੱਗੋਂ ਆਵਾਜ ਆਈ, ਬੀਬੀ ਜੀ ਅੱਜ ਸਕੂਲ ਵਾਲੀ ਗੱਡੀ ਨਹੀਂ  ਆਉਣੀ, ਆਪਣੇ ਬੱਚਿਆਂ ਨੂੰ ਆਪ ਹੀ ਸਕੂਲੇ ਛੱਡ ਕੇ ਜਾਉ।

ਅੱਗੋਂ ਪਰਮਜੀਤ ਨੇ ਪੁਛਿਆ ਕਿਉਂ ਅੱਜ ਗੱਡੀ ਕਿਉਂ ਨਹੀਂ ਆਉਣੀ ?  ਗੱਡੀ ਖਾਰਾਬ ਹੈ ਅੱਗੋਂ ਆਵਾਜ ਆਈ । ਆਖਣ ਲੱਗੀ ਹੁਣ ਮੈ ਕੀ ਕਰਾਂ, ਉੰਨੀ ਦੇਰ ਨੂੰ ਪਰਮਜੀਤ ਦਾ ਸਹੁਰਾ ਉਜਾਗਰ ਸਿੰਉਂ ਬਾਹਰੋਂ ਘਰੇ ਆ ਗਿਆ। ਪਰਮਜੀਤ ਨੇ ਕਿਹਾ ਡੈਡੀ ਜੀ ਬੱਚਿਆਂ ਨੂੰ ਸਕੂਲ ਛੱਡ ਆਉਗੇ ? ਸਕੂਲ ਤੋਂ ਫੋਨ ਆ ਗਿਆ ਕਹਿੰਦੇ ਅੱਜ ਗੱਡੀ ਨਹੀਂ ਆਉਣੀ, ਜਾਉ ਡੈਡੀ ਜੀ ਬੱਚੇ ਅੱਗੇ ਈ ਬੜੇ ਲੇਟ ਨੇ, ਉਜਾਗਰ ਸਿੰਹੁ ਨੇ ਕਿਹਾ ਕੋਈ ਗੱਲ ਨਹੀਂ  ਬੇਟਾ ਮੈ ਹੁਣੇ ਬੱਚਿਆਂ ਨੂੰ  ਸਕੂਲੇ ਛੱਡ ਆਉਨਾ ਤੂੰ ਫਿਕਰ ਨਾ ਕਰ ,ਨਾਲੇ ਮੈ ਅਜੇ ਕੱਲ੍ਹ ਹੀ ਆਪਣੇ ਸਾਈਕਲ ਨੂੰ ਤੇਲ ਤੂਲ ਲਾਇਆ ਆ ਨਾਲੇ ਚੈੱਕ  ਕਰ ਆਉਨਾ ਨਾਲੇ ਛੱਡ ਆਉਨਾ। ਉਜਾਗਰ ਸਿੰਘ ਨੇ ਆਪਣੇ ਪੋਤੇ ਅਤੇ ਪੋਤੀ ਨੂੰ ਸਾਈਕਲ ਤੇ ਬਿਠਾ ਲਿਆ ਅਤੇ ਸਕੂਲੇ ਛੱਡਣ ਜਾਣ ਲਈ ਤੁਰ ਪਿਆ ।

ਅਜੇ ਥੋੜੀ ਦੂਰ ਹੀ ਗਿਆ ਸੀ ਕਿ ਸਾਈਕਲ ਦੀ ਚੈਨ ਉਤਰ ਗਈ । ਜਾਗਰ ਸਿੰਉਂ ਨੇ ਸਾਈਕਲ ਰੋਕੀ ਅਤੇ ਚੈਨ ਚੜਾਉਣ ਲੱਗਾ। ਪਰ ਚੈਨ ਪਿਛਲੇ ਫਰਾਈਵੀਲ ਦੇ ਵਿੱਚ ਅਜਿਹੀ  ਫਸੀ ਕਿ ਸਾਈਕਲ ਜਾਮ ਹੋ ਗਿਆ। ਜਾਗਰ ਸਿੰਹੋ ਨੇ ਸਾਈਕਲ ਉਥੇ ਹੀ ਛੱਡ ਦਿੱਤਾ ਅਤੇ ਸਾਹਮਣੇ ਘਰ ਵਾਲੇ ਨੂੰ ਆਵਾਜ ਮਾਰ ਕੇ ਧਿਆਨ ਰੱਖਣ ਲਈ ਕਹਿ ਦਿੱਤਾ ਅਤੇ ਦੋਵੇਂ ਜਵਾਕਾਂ ਨੂੰ ਆਪਣੇ ਮੋਢਿਆਂ ਤੇ ਬਿਠਾ ਕੇ ਤੁਰ ਪਿਆ । ਰਸਤੇ ਵਿੱਚ ਜਾਦਿਆਂ ਜਾਗਰ ਸਿੰਹੋ ਨੇ ਆਪਣੇ ਪੋਤੇ ਨੂੰ ਕਿਹਾ। ਪੁੱਤ ਸੰਨੀ ਜਦੋਂ ਤੇਰਾ ਡੈਡੀ ਤੇਰੇ ਜਿੱਡਾ ਹੁੰਦਾ ਸੀ ਨਾ, ਮੈ ਉਹਨੂੰ ਵੀ ਐਦਾਂ ਈਂ ਮੋਢਿਆਂ ਤੇ ਬਿਠਾ ਕੇ ਮੇਲੇ ਲੈ ਕੇ ਜਾਇਆ ਕਰਦਾ ਸੀ। ਉਦੋਂ ਤਾਂ ਸਾਈਕਲ ਵੀ ਨਹੀਂ ਹੋਇਆ ਕਰਦੇ ਸੀ। ਅੱਗੋਂ ਪੋਤੇ ਸੰਨੀ ਨੇ ਤੋਤਲੀ ਜਬਾਨ ਚ ਆਖਿਆ, ਦਾਦੂ ਜੀ ਮੈ ਵੀ ਸੈਂਤਲ ਲੈਨਾਂ ਏਂ ।

ਹਾਂ ਪੁੱਤ , ਮੈ ਸੋਹਣਾ ਸਾਈਕਲ ਲੈਕੇ ਦਊਂਗਾ ਆਪਣੇ ਸ਼ੇਰ ਪੁੱਤ ਨੂੰ  ਦਾਦਾ ਜੀ ਨੇ ਕਿਹਾ। ਦਾਦੂ ਦਾਦੂ ਸਤੂਲ ਤਾਂ ਪਿੱਛੇ ਲਹਿ ਦਿਆ ਨਿੱਕੀ ਪੋਤੀ ਨੇ ਇੱਕ ਦਮ ਸਿਰ ਤੇ ਹੱਥ ਮਾਰਦਿਆਂ ਆਖਿਆ । ਉਜਾਗਰ ਸਿੰਘ ਇੱਕ ਦਮ ਖਲੋ ਗਿਆ,ਉਹੋ ਥੋਡੀ ਭੈਣ ਨੂੰ, ਗੱਲਾਂ ਗੱਲਾਂ ਵਿੱਚ ਪਤਾ ਈ ਨਹੀਂ ਲੱਗਾ। ਉਜਾਗਰ ਸਿੰਘ ਨੇ ਅਨਜਾਣ ਜਿਹਾ ਬਣ ਕੇ ਕਿਹਾ । ਚਲੋ-ਚਲੋ ਗੱਡੀ ਬੈਕ ਤਲੋ ਦਾਦਾ ਜੀ ,ਪੋਤੀ ਨੇ ਦਾਦਾ ਜੀ ਦਾ ਸਿਰ ਪਿਛਾਂਹ ਨੂੰ ਘੁੰਮਾ ਕੇ ਕਿਹਾ । ਏ ਆਹ ਲੈ ਗੱਡੀ ਹੋ ਗਈ ਬੈ-‐ਕ –ਤੇ ਹੁਣ ਗਿਅਰ ਵੀ ਲਾਅ ਨਾ- ਦਾਦਾ ਜੀ ਨੇ ਪੋਤੀ ਦਾ ਹੱਥ ਆਪਣੇ ਕੰਨ ਤੇ ਲਾ ਕੇ  ਕਿਹਾ, ਮਰੋੜ ਹੁਣ ਇਹਨੂੰ ਤਾਂ ਹੀ ਤਾਂ ਗੱਡੀ ਤੁਰੂਗੀ। ਏ -ਏ ਆਹ ਦੇਅਰ ਲਾ ਤਾ–ਪੋਤੀ ਨੇ ਕਿਹਾ,। ਦਾਦਾ ਜੀ ਦਾਦਾ ਜੀ ਜਲਦੀ ਜਲਦੀ ਤੁਲੋ ਵੀ ਅੱਦੇ ਬਦਾ ਲੇਤ  ਹੋ ਦਏਂ ਆਂ ਸੰਨੀ ਨੇ ਸਕੂਲ ਵੱਲ ਵੇਖ ਕੇ ਆਖਿਆ ।

ਦਾਦਾ ਜੀ ਨੇ ਦੋਵਾਂ ਬੱਚਿਆਂ ਨੂੰ ਸਕੂਲ ਦੇ ਗੇਟ ਅੱਗੇ ਮੋਢਿਆਂ ਤੋਂ ਲਾਹਿਆ ਅਤੇ ਸਕੂਲ ਦੇ ਅੰਦਰ ਭੇਜ ਦਿੱਤਾ । ਉਜਾਗਰ ਸਿੰਘ ਪਤਾ ਨਹੀਂ ਕਿਹੜੀਆਂ ਸੋਚਾਂ ਵਿੱਚ ਡੁੱਬ ਗਿਆ ਆਪਣੇ ਮੂੰਹ ਧਿਆਨੇ ਸੜਕ ਨੂੰ ਪਾਰ ਕਰਨ ਲੱਗਾ ਕਿ ਇੱਕ ਦਮ ਅਚਾਨਕ ਉਸ ਦੇ ਵਿੱਚ  ਮੋਟਰਸਾਈਕਲ ਆਣ ਵੱਜਾ ਉਜਾਗਰ ਸਿੰਘ ਉੱਡ ਕੇ ਸੜਕ ਤੋਂ ਥੱਲੇ ਜਾ ਡਿੱਗਾ ਉਂਝ ਰੱਬ ਦਾ ਸ਼ੁਕਰ ਕਿ ਜਾਨੋ ਬਚ ਗਿਆ ਪਰ ਉਸ ਦਾ ਚੂਲਾ ਟੁੱਟ ਗਿਆ, ਉਜਾਗਰ ਸਿੰਘ ਦੇ ਬੇਟੇ ਨੂੰ ਕਿਸੇ ਨੇ ਖਬਰ ਕੀਤੀ  ਅਤੇ ਉਜਾਗਰ ਸਿੰਘ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ।

ਦਿਨ ਬੀਤਦੇ ਗਏ ਸਮਾਂ ਲੰਘਦਾ ਗਿਆ, ਉਜਾਗਰ ਸਿੰਘ ਅੱਗੇ ਨਾਲੋਂ ਕਾਫੀ ਕਮਜੋਰ ਹੋ ਚੁੱਕਾ ਸੀ,ਮੰਜੇ ਤੇ ਪਏ ਨੂੰ ਕਾਫੀ ਚਿਰ ਹੋ ਗਿਆ ਸੀ, ਹੁਣ ਉਸ ਦੀ ਸੇਵਾ ਅੱਗੇ ਤਰ੍ਹਾਂ ਨਹੀਂ ਹੁੰਦੀ ਸੀ, ਕੋਈ ਉਸਦੇ ਕੋਲ ਆ ਕੇ ਵੀ ਨਹੀਂ ਬੈਠਦਾ ਸੀ, ਨੁੰਹ ਹਰ ਦਮ ਖਿੱਝੀ ਰਹਿੰਦੀ ਸੀ,ਪੁੱਤਰ ਨੂੰ ਆਪਣੇ ਕੰਮਾਂ ਤੋਂ ਈਂ ਵਿਹਲ ਨਹੀਂ ਮਿਲਦੀ ਸੀ।

ਅੱਜ ਸਵੇਰੇ ਉੱਠਦਿਆਂ ਈਂ ਦੋਹਾਂ ਜੀਆਂ ਦੀ ਨੁੰਹ ਤੇ ਪੁੱਤਰ ਦੇ ਲੜਦਿਆਂ ਦੀ ਆਵਾਜ ਉਜਾਗਰ ਸਿੰਘ ਦੇ ਜਦੋਂ ਕੰਨੀ ਪਈ ਤਾਂ
ਉਜਾਗਰ ਸਿੰਘ ਦੇ ਪੈਰਾਂ ਹੇਠੋਂ ਜਮੀਨ ਨਿਕਲ ਗਈ, ਉਸਨੂੰ ਇੰਜ ਮਹਿਸੂਸ ਹੋਇਆ ਜਿਵੇਂ ਕੋਈ ਉਸਦਾ ਗਲਾ ਘੁੱਟ ਰਿਹਾ ਹੋਵੇ ਅਤੇ ਉਹ ਤੜਫ ਰਿਹਾ ਹੋਵੇ,ਕਿਉਂਕਿ ਨੁੰਹ ਵਾਰ ਵਾਰ ਬਿਰਧ ਆਸ਼ਰਮ ਦਾ ਨਾਂ ਲੈ ਰਹੀ ਸੀ,ਤੇ  ਆਪਣਾ ਸਕਾ ਪੁੱਤ ਜਿਸਨੂੰ ਆਪਣੇ ਢਿੱਡ ਤੇ ਸਵਾਂ ਸਵਾਂ ਕੇ ਪਾਲਿਆ ਸੀ, ਉਹ ਵੀ ਉਸਦੀ ਹਾਂ ਵਿੱਚ ਹਾਂ ਮਿਲਾ ਰਿਹਾ ਸੀ, ਬੱਸ ਫਿਰ ਕੀ, ਉਹੀ ਹੋਇਆ ਜਿਸ ਦਾ ਉਜਾਗਰ ਸਿੰਘ ਨੂੰ ਡਰ ਸਤਾ ਰਿਹਾ ਸੀ, ਪੁੱਤ ਨੇ ਗੱਡੀ ਲਿਆ ਕੋਲ ਖੜ੍ਹੀ ਕੀਤੀ ਤੇ ਕਿਹਾ, ਆ ਬਾਪੂ ਤੈਨੂੰ ਡਾਕਟਰ ਕੋਲ ਦਾਖਲ ਕਰਵਾਉਣਾ ਏਂ, ਉੱਥੇ ਚੰਗੀ ਤਰ੍ਹਾਂ ਤੇਰਾ ਇਲਾਜ ਹੋ ਜਾਏਗਾ।

ਉਜਾਗਰ ਸਿੰਘ ਦੀਆਂ ਅੱਖਾਂ ਨੇ ਸਾਉਣ ਦੀ ਬਰਸਾਤ ਵਾਂਗੂੰ ਝੜੀ ਲਾ ਦਿੱਤੀ, ਅੱਜ ਉਜਾਗਰ ਸਿੰਘ ਚੁੱਪ ਕਰਕੇ ਰੱਬ ਦਾ ਭਾਣਾ ਮੰਨ ਕੇ, ਪੁੱਤ ਦੇ ਸਹਾਰੇ ਨਾਲ ਉੱਠ ਬੈਠਾ, ਤੇ ਪੁੱਤਰ ਨੂੰ ਗਲਵੱਕੜੀ ਵਿੱਚ ਲੈ ਕੇ ਘੁੱਟ ਕੇ ਸੀਨੇ ਨਾਲ ਲਾ ਲਿਆ,ਤੇ ਕਿਹਾ ਜਿਉਂਦਾ ਰਹੇਂ ਪੁੱਤ ਜਵਾਨੀਆਂ ਮਾਣੇ, ਜੁਗ ਜੁਗ ਜੀਵੇਂ, ਤੇ ਭਲਾ ਮੇਰੀ ਪੋਤੀ ਤੇ ਪੋਤਾ ਸਕੂਲੋਂ ਆ ਗਏ ਕਿ ਨਹੀਂ ? ਉਜਾਗਰ ਸਿੰਘ ਨੇ ਅੱਖਾਂ ਪੂੰਝਦੇ ਹੋਏ ਨੇ ਕਿਹਾ, ਨਹੀਂ  ਬਾਪੂ ਅਜੇ ਨਹੀਂ ਆਏ ਪੁੱਤ ਨੇ ਜਵਾਬ ਦਿੱਤਾ, ਮੈਂ ਕਿਹਾ ਇੱਕ ਵਾਰੀ ਮਿਲ ਲਵਾਂ ਫਿਰ ਪਤਾ ਨਹੀਂ, ਕਦੇ ਮਿਲਣਾ ਏਂ ਕਿ ਨਹੀਂ, ਚੱਲੋ ਜੋ ਰੱਬ ਨੂੰ ਮਨਜ਼ੂਰ ਆ ।

ਉਜਾਗਰ ਸਿੰਘ ਨੇ ਕੁੱਝ ਪੈਸੇ ਪੱਗ ਦੇ ਪੱਲੇ ਨਾਲੋਂ ਖੋਲ੍ਹ ਕੇ ਫੜਾਉਂਦਿਆਂ ਕਿਹਾ, ਆਹ ਲੈ ਪੁੱਤ, ਕੁੱਝ ਪੈਸੇ ਨੇ ਮੇਰੇ ਪੋਤੇ ਨੂੰ ਸਾਈਕਲ ਲੈ ਦੇਵੀਂ, ਮੈਂ ਬੜੇ ਚਿਰ ਦਾ ਉਹਦੇ ਨਾਲ ਵਾਅਦਾ ਕੀਤਾ ਸੀ, ਪੁੱਤ ਨੇ ਪੈਸੇ ਜੇਬ ਚ ਪਾਉਂਦਿਆਂ ਕਿਹਾ, ਚਲੋ ਹੁਣ ਬਾਪੂ ਜੀ ,ਉਜਾਗਰ ਸਿੰਘ ਨੂੰ ਗੱਡੀ ਵਿੱਚ ਬਿਠਾ ਕੇ, ਪੁੱਤ ਅੱਜ ਆਪਣੇ ਬਾਪ ਨੂੰ ਬਿਰਧ ਆਸ਼ਰਮ ਲੈ ਗਿਆ, ਸਹਾਰਾ ਦੇ ਕੇ ਥੱਲੇ ਉਤਾਰਿਆ ਅਤੇ ਸੇਵਾਦਾਰਾਂ ਨੇ ਬਾਹਰ ਬਣੇ ਕਾਉਂਟਰ ਦੇ ਕੋਲ ਬੈਂਚ ਤੇ ਲੰਮੇ ਪਾ ਦਿੱਤਾ।

ਇੱਕ ਵਰਦੀ ਵਾਲੀ ਲੜਕੀ ਨੇ ਉਜਾਗਰ ਸਿੰਘ ਨੂੰ ਬੜੇ ਪਿਆਰ ਨਾਲ ਸਤਸ੍ਰੀਆਕਾਲ ਬੁਲਾਈ ਤੇ ਪੁੱਛਿਆ ਬਾਪੂ ਜੀ ਠੀਕ ਠਾਕ ਹੋ ਉਜਾਗਰ ਸਿੰਘ ਨੇ ਅੱਖਾਂ ਪੂੰਝਦੇ ਹੋਏ ਨੇ ਕਿਹਾ ਹਾਂ ਪੁੱਤ ਅਜੇ ਤੱਕ ਤਾਂ ਠੀਕ ਆਂ, ਫਿਰ ਉਸ ਲੜਕੀ ਨੇ ਸਾਰਾ ਐਡਰੈਸ ਨੋਟ ਕੀਤਾ, ਤੇ ਕੁੱਝ ਲਿਖਾ ਪੜ੍ਹੀ ਕੀਤੀ ਅਤੇ ਉਜਾਗਰ ਸਿੰਘ ਦੇ ਪੁੱਤਰ ਨੂੰ ਕਿਹਾ ਅੰਕਲ ਜੀ ਹੁਣ ਤੁਸੀਂ ਜਾ ਸਕਦੇ ਹੋ,ਉਜਾਗਰ ਸਿੰਘ ਦੇ ਲੜਕੇ ਨੇ ਥੈਂਕਿਊ ਕਹਿੰਦੇ ਹੋਏ ਵਾਪਿਸ ਜਾਣ ਲਈ ਕਾਰ ਵੱਲ ਨੂੰ ਅਜੇ ਦੋ ਤਿੰਨ ਈਂ ਕਦਮ ਪੁੱਟੇ ਹੋਣਗੇ, ਪਿੱਛੋਂ ਉਜਾਗਰ ਸਿੰਘ ਨੇ ਆਵਾਜ ਮਾਰ ਲਈ ਤੇ ਕਿਹਾ, ਮੇਰੀ ਗੱਲ ਸੁਣਕੇ ਕੇ ਜਾਈਂ ਪੁੱਤ, ਉਜਾਗਰ ਸਿੰਘ ਦਾ ਲੜਕਾ ਵਾਪਿਸ ਆ ਗਿਆ ਤੇ ਕਹਿਣ ਲੱਗਾ ਦੱਸ ਬਾਪੂ, ਉਜਾਗਰ ਸਿੰਘ ਨੇ ਕਹਿਣਾ ਸ਼ੁਰੂ ਕੀਤਾ ਤੇ ਕਿਹਾ, ਮੇਰੀ ਗੱਲ ਬੜੇ ਧਿਆਨ ਨਾਲ ਸੁਣੀ ਪੁੱਤ, ਇਹ ਤੇਰੇ ਕੰਮ ਦੀ ਐ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਮੈਂ ਇਸ ਜਗ੍ਹਾ ਤੇ ਇਸ ਬਿਰਧ ਆਸ਼ਰਮ ਵਿੱਚ ਕਾਫੀ ਸਾਲ ਪਹਿਲਾਂ ਵੀ ਦੋ ਵਾਰੀ ਆਇਆ ਸੀ,

ਇੱਕ ਵਾਰੀ ਉਦੋਂ, ਜਦੋਂ ਮੈਂ ਵੀ ਤੇਰੇ ਵਾਂਗੂੰ ਘਰਵਾਲੀ ਦੇ ਆਖੇ ਲੱਗ ਕੇ ਆਪਣੇ ਪਿਤਾ ਨੂੰ ਇਸ ਆਸ਼ਰਮ ਵਿੱਚ ਛੱਡ ਕੇ ਗਿਆ ਸੀ,ਕਿਉਂਕਿ ਉਹ ਬੋਲ ਨਹੀਂ ਸਕਦੇ ਸਨ, ਪਿਤਾ ਨੂੰ ਇੱਥੇ ਛੱਡ ਕੇ ਜਾਣ ਤੋਂ ਬਾਅਦ ਥੋੜ੍ਹੇ ਚਿਰ ਮਗਰੋਂ ਹੀ ਤੇਰੀ ਮਾਂ, ਇਸ ਦੁਨੀਆਂ ਨੂੰ ਛੱਡ ਕੇ ਸਦਾ ਲਈ ਚਲੀ ਗਈ, ਉਦੋਂ ਤੂੰ ਬਹੁਤ ਛੋਟਾ ਸੀ, ਮੈਂ ਸਾਰਾ ਦਿਨ ਕੰਮ ਤੇ ਰਹਿੰਦਾ ਤੇ, ਮਗਰੋਂ ਤੁਸੀਂ ਇਕੱਲੇ ਰਹਿੰਦੇ ਸੀ ,ਫਿਰ ਇੱਕ ਦਿਨ ਮੈਂ, ਇਸ ਬਿਰਧ ਆਸ਼ਰਮ ਵਿੱਚ ਫਿਰ ਆਇਆ, ਸੋਚਿਆ ਬਾਪੂ ਨੂੰ ਵਾਪਿਸ ਲੈ ਜਾਂਦਾ ਹਾਂ, ਘਰੇ ਬੱਚਿਆਂ  ਕੋਲ ਤਾਂ ਰਹਿਣਗੇ, ਜਦੋਂ ਮੈਂ ਆਣ ਕੇ ਉਹਨਾਂ ਬਾਰੇ ਪੁੱਛਿਆ ਤਾਂ ਆਸ਼ਰਮ ਵਾਲਿਆਂ ਨੇ ਕਿਹਾ ਉਹਦਾ ਨਾਂ ਤੇ ਤਾਰੀਕ ਦੱਸੋ ਅਤੇ ਨਾਲੇ ਉਹਦਾ ਐਡਰੈਸ ਦੱਸੋ, ਮੈਂ ਉਹਨਾਂ ਦਾ ਨਾਂ ਵੀ ਦੱਸਿਆ ਤੇ ਪਿੰਡ ਵੀ ਦੱਸਿਆ, ਪਰ ਤਾਰੀਕ ਨਹੀਂ ਯਾਦ ਸੀ ,ਉਹਨਾਂ ਕਿਹਾ, ਇਸ ਨਾਂ ਦਾ ਤੇ ਇਸ ਐਡਰੈਸ ਦਾ ਬੰਦਾ ਇੱਥੇ ਕੋਈ ਹੈ ਈ ਨਹੀਂ, ਕੁਝ ਨਿਸ਼ਾਨੀਆਂ ਦੱਸਣ ਤੇ ਪਤਾ ਲੱਗਾ ਕਿ ਉਹ ਤਾਂ ਕਾਫੀ ਦਿਨ ਪਹਿਲਾਂ ਰੱਬ ਨੂੰ ਪਿਆਰੇ ਹੋ ਗਏ ਨੇ, ਸੁਣ ਕੇ ਮੈਂ ਬਹੁਤ ਪਛਤਾਇਆ ਸਾਂ ਤੇ ਹੁਣ ਤੱਕ ਪਛਤਾ ਰਿਹਾ ਹਾਂ ।

ਹੁਣ ਮੈਨੂੰ ਪੱਕਾ ਯਾਦ ਨਹੀਂ, ਮੈਂ ਕਦੋਂ ਆਪਣੇ ਪਿਉ ਨੂੰ ਇਸ ਬਿਰਧ ਆਸ਼ਰਮ ਛੱਡ ਕੇ ਗਿਆ ਸੀ, ਕਿਉਕਿ ਮੈਂ ਉਦੋਂ ਆਪਣੇ ਪਿਉ ਦੀ ਪਰਚੀ ਲੈਣੀ ਭੁੱਲ ਗਿਆ ਸੀ, ਪੁੱਤ ਮੈਂ ਤੈਨੂੰ ਆਵਾਜ ਇਸ ਕਰਕੇ ਮਾਰੀ ਹੈ, ਕਿਤੇ ਪਰਚੀ ਲੈਣੀ ਮੇਰੇ ਵਾਂਗੂੰ  ਤੂੰ ਵੀ ਨਾ ਭੁੱਲ ਜਾਈਂ,
ਪਰਚੀ ਤੇ ਤਾਰੀਕ, ਵਾਰ, ਤੇ ਨਾਂ, ਜਰੂਰ ਲਿਖਵਾ ਕੇ ਲੈ ਕੇ ਜਾਈਂ ਕਿਉਂਕਿ ਕੱਲ ਨੂੰ ਤੇਰੇ ਪੁੱਤ ਨੇ ਵੀਂ ਤੈਨੂੰ ਇਸੇ ਬਿਰਧ ਆਸ਼ਰਮ ਵਿੱਚ ਛੱਡਣ ਆਉਣਾ ਹੈ, ਜੇ ਤੇਰੇ ਕੋਲ ਪਰਚੀ ਹੋਏਗੀ ਤੇ ਤਾਂਹੀਂ ਤੂੰ ਮੈਨੂੰ ਯਾਦ ਕਰੇਂਗਾ ਤੇ ਆਪਣੇ ਪੁੱਤ ਨੂੰ ਵੀਂ ਦੱਸੇਂਗਾ ਕਿ ਇਸ ਤਾਰੀਕ ਨੂੰ ਮੈਂ  ਆਪਣੇ ਪਿਉ ਨੂੰ ਇਸ ਬਿਰਧ ਆਸ਼ਰਮ ਵਿੱਚ ਛੱਡ ਕੇ ਗਿਆ ਸੀ ।

ਜਿਸ ਤਰ੍ਹਾਂ ਤੈਨੂੰ ਮੈਂ ਦੱਸ ਰਿਹਾ ਹਾਂ, ਇੰਨੀ ਸੁਣਦਿਆਂ ਹੀ ਪੁੱਤਰ ਦੀਆਂ ਅੱਖਾਂ ਖੁੱਲ੍ਹ ਗਈਆਂ ਤੇ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ  ਉੱਚੀ ਉੱਚੀ ਧਾਂਹਾਂ ਮਾਰ ਕੇ ਰੋ ਪਿਆ, ਆਖਣ ਲੱਗਾ ਬਾਪੂ ਮੈਨੂੰ ਮਾਫ ਕਰਦੇ ਮੈਂ ਅੱਜ ਉਹ ਪਾਪ ਕਰਨ ਜਾ ਰਿਹਾ ਸਾਂ, ਜੋ ਕਦੇ ਵੀ ਮੁਆਫ ਕਰਨ ਦੇ ਯੋਗ ਨਹੀਂ ਸੀ, ਪੁੱਤਰ ਨੇ ਝੱਟ ਉਜਾਗਰ ਸਿੰਘ ਨੂੰ ਆਪਣੀ ਗਲਵੱਕੜੀ ਵਿਚ ਲੈ ਲਿਆ, ਅਤੇ ਆਪਣੇ ਬਾਪੂ ਦੇ ਪੈਰ ਦਾ ਛਿੱਤਰ ਲਾਹ ਕੇ ਆਪਣੇ ਹੱਥ ਵਿੱਚ ਫੜ ਕੇ ਆਪਣੇ ਮੂੰਹ ਅਤੇ ਆਪਣੇ ਸਿਰ ਵਿੱਚ ਮਾਰਦਾ ਹੋਇਆ ਕਹਿ ਰਿਹਾ ਸੀ ਕਿ ਬਾਪੂ ਮੈਂ ਤੇਰਾ ਪੁੱਤ ਅਖਵਾਉਣ ਦੇ ਲਾਇਕ ਨਹੀਂ ਹਾਂ, ਅੱਜ ਮੈਂ ਪੁੱਤ ਤੋਂ ਕਪੁੱਤ ਹੋ ਗਿਆ ਹਾਂ, ਹਾਂ ਬਾਪੂ ਤੇਰਾ ਪੁੱਤ ਅਖਵਾਉਣ ਦੇ ਲਾਇਕ ਨਹੀਂ ਆਂ ਮੈਂ ਅੱਜ ਆਪਣੇ ਰੱਬ ਰੂਪੀ ਬਾਪ ਨੂੰ ਘਰੋਂ ਕੱਢ ਕੇ ਬਿਰਧ ਆਸ਼ਰਮ ਛੱਡਣ ਆ ਗਿਆ, ਲਾਹਨਤ ਹੈ ਮੇਰੇ ਪੁੱਤ ਹੋਣ ਤੇ ,ਉਏ ਰੱਬਾ ਮੈਂ ਇਹ ਕੀ ਅਨਰਥ ਕਰ ਦੇਣਾ ਲੱਗਾ ਸੀ, ਰੱਬਾ ਮੈਨੂੰ ਮਾਫ ਕਰ ਦੇਹ  ਉਜਾਗਰ ਸਿੰਘ ਨੂੰ  ਦੂਰ ਤੋਂ ਹੀ ਭੱਜੇ ਆਉਂਦੇ ਪੋਤਾ ਤੇ ਪੋਤੀ ਨਜਰ ਆ ਰਹੇ ਸਨ—ਜਿਉਂ ਹੀ ਨੇੜੇ ਆਏ, ਆਉਂਦਿਆਂ ਹੀ ਆਪਣੇ ਦਾਦੇ ਦੇ –ਗਲ ਨਾਲ ਚਿੰਬੜ ਗਏ ਅਤੇ ਵੇਖਦੇ ਹੀ ਵੇਖਦੇ ਪੋਤਾ ਤੇ ਪੋਤੀ ਆਪਣੇ ਦਾਦੇ ਨੂੰ ਚੁੱਕ ਕੇ ਘਰ ਵੱਲ ਨੂੰ ਲੈ ਤੁਰੇ–

ਵੀਰ ਸਿੰਘ 

ਪੀਰ ਮੁਹੰਮਦ ਮੋਬ ÷ 9855069972

Previous articleRahul, Priyanka among Cong star campaigners for Bengal polls
Next articleरेल कोच फैक्‍टरी में 50 वां राष्ट्रीय सुरक्षा सप्ताह का आयोजन