ਨਵੀਂ ਦਿੱਲੀ (ਸਮਾਜਵੀਕਲੀ) : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਚੀਨ ਨਾਲ ਲੱਗਦੀ ਸਰਹੱਦ ਦੀ ਰਾਖੀ ਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਹ ਦੇਸ਼ ਨੂੰ ਲੱਦਾਖ ਮੁੱਦੇ ’ਤੇ ਭਰੋਸੇ ’ਚ ਲੈਣ।
ਕਾਂਗਰਸ ਵੱਲੋਂ ਲੱਦਾਖ ’ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਚਲਾਈ ਗਈ ਮੁਹਿੰਮ ਦੌਰਾਨ ਸ੍ਰੀਮਤੀ ਗਾਂਧੀ ਨੇ ਅੱਜ ਵੀਡੀਓ ਸੁਨੇਹਾ ਜਾਰੀ ਕਰਦਿਆਂ ਕਿਹਾ ਜੇਕਰ ਚੀਨ ਨੇ ਭਾਰਤੀ ਇਲਾਕੇ ’ਤੇ ਕਬਜ਼ਾ ਨਹੀਂ ਕੀਤਾ ਤਾਂ ਦੇਸ਼ ਦੇ ਜਵਾਨ ਕਿਉਂ ਸ਼ਹੀਦ ਹੋਏ। ਉਨ੍ਹਾਂ ਕਿਹਾ, ‘ਅੱਜ ਜਦੋਂ ਭਾਰਤ-ਚੀਨ ਸਰਹੱਦ ’ਤੇ ਸੰਕਟ ਦੀ ਸਥਿਤੀ ਬਣੀ ਹੋਈ ਹੈ ਤਾਂ ਕੇਂਦਰ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ।’
ਉਨ੍ਹਾਂ ਕਿਹਾ, ‘ਦੇਸ਼ ਜਾਣਨਾ ਚਾਹੁੰਦਾ ਹੈ ਕਿ ਜੇਕਰ ਲੱਦਾਖ ’ਚ ਚੀਨ ਨੇ ਸਾਡੇ ਇਲਾਕੇ ’ਤੇ ਕਬਜ਼ਾ ਨਹੀਂ ਕੀਤਾ ਤਾਂ ਸਾਡੇ 20 ਜਵਾਨ ਸ਼ਹੀਦ ਕਿਉਂ ਹੋਏ।’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਭਾਰਤੀ ਇਲਾਕੇ ’ਚ ਕੋਈ ਘੁਸਪੈਠ ਨਹੀਂ ਹੋਈ ਪਰ ਸੈਟੇਲਾਈਟ ਵੱਲੋਂ ਖਿੱਚੀਆਂ ਤਸਵੀਰਾਂ ਦੇਖ ਕੇ ਮਾਹਿਰਾਂ ਦਾ ਕਹਿਣਾ ਹੈ ਕਿ ਚੀਨੀ ਫੌਜੀ ਸਾਡੇ ਇਲਾਕੇ ’ਚ ਮੌਜੂਦ ਹਨ।
ਉਨ੍ਹਾਂ ਸਵਾਲ ਕੀਤਾ, ‘ਮੋਦੀ ਸਰਕਾਰ ਕਦੋਂ ਤੇ ਕਿਵੇਂ ਚੀਨ ਤੋਂ ਆਪਣੀ ਜ਼ਮੀਨ ਵਾਪਸ ਲਵੇਗੀ? ਕੀ ਲੱਦਾਖ ’ਚ ਚੀਨ ਵੱਲੋਂ ਸਾਡੀ ਅਖੰਡਤਾ ਦੀ ਉਲੰਘਣਾ ਜਾਰੀ ਰਹੇਗੀ? ਕੀ ਪ੍ਰਧਾਨ ਮੰਤਰੀ ਸਰਹੱਦੀ ਵਿਵਾਦ ’ਤੇ ਸਾਰੇ ਦੇਸ਼ ਨੂੰ ਭਰੋਸੇ ਵਿੱਚ ਲੈਣਗੇ।’