ਬਲਾਕ ਮਹਿਲ ਕਲਾਂ ਦੇ ਕਈ ਪਿੰਡਾਂ ’ਚ ਘਰੇਲੂ ਤੇ ਖੇਤੀ ਖੇਤਰ ਦੀ ਬਿਜਲੀ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਰੋਹ ਵਿੱਚ ਆਏ ਲੋਕਾਂ ਵੱਲੋਂ ਬਰਨਾਲਾ-ਲੁਧਿਆਣਾ ਮੁੱਖ ਮਾਰਗ ਤਿੰਨ ਥਾਂ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਬਿਜਲੀ ਨਾ ਆਉਣ ਕਾਰਨ ਪ੍ਰੇਸ਼ਾਨ ਲੋਕਾਂ ਨਾਲ ਇਲਾਕੇ ’ਚ ਸਰਗਰਮ ਕਿਸਾਨ ਯੂਨੀਅਨਾਂ, ਰਾਜਸੀ ਧਿਰਾਂ ਤੇ ਦੁਕਾਨਦਾਰ ਸੜਕਾਂ ਉੱਤੇ ਉੱਤਰ ਆਏ ਹਨ। ਕੱਲ੍ਹ ਬਿਜਲੀ ਮੁਲਾਜ਼ਮਾਂ ਵੱਲੋਂ ਪਿੰਡ ਵਜ਼ੀਦਕੇ ਕਲਾਂ ਵਿੱਚ ‘ਕੁੰਡੀਆਂ’ ਫੜਨ ਮੌਕੇ ਇੱਕ ਕਿਸਾਨ ਨਾਲ ਹੋਏ ਵਿਵਾਦ ਤੋਂ ਬਾਅਦ ਬਿਜਲੀ ਮੁਲਾਜ਼ਮਾਂ ਤੇ ਕਿਸਾਨ ਯੂਨੀਅਨਾਂ ਵਿਚਕਾਰ ਸਥਿਤ ਤਣਾਅਮਈ ਹੋਈ ਹੈ। ਕੱਲ੍ਹ ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ਖ਼ਿਲਾਫ਼ ਕੀਤੇ ਪ੍ਰਦਰਸ਼ਨਾਂ ਤੋਂ ਬਾਅਦ ਪੁਲੀਸ ਥਾਣਾ ਠੁੱਲ੍ਹੀਵਾਲ ’ਚ ਦੋਵਾਂ ਧਿਰਾਂ ਖ਼ਿਲਾਫ਼ ਕੇਸ ਦਰਜ ਕਰ ਲਏ ਸਨ ਤੇ ਆਪਣੀਆਂ ਮੰਗਾਂ ’ਤੇ ਅੜੇ ਬਿਜਲੀ ਮੁਲਾਜ਼ਮ ਅੱਜ ਸਵੇਰ ਤੋਂ ਹੀ ਬਰਨਾਲਾ ਵਿੱਚ ਧਰਨਾ ਦੇ ਰਹੇ ਹਨ। ਅੱਜ ਸਵੇਰੇ ਇਲਾਕੇ ਦੇ ਕੁੱਝ ਪਿੰਡਾਂ ਦੀ ਬਿਜਲੀ ਬੰਦ ਹੋ ਗਈ ਤੇ ਜਦੋਂ ਦੁਪਹਿਰ ਤੱਕ ਲੋਕਾਂ ਨੂੰ ਬਿਜਲੀ ਚਾਲੂ ਹੁੰਦੀ ਨਾ ਦਿਸੀ ਤਾਂ ਲੋਕ ਸੜਕਾਂ ’ਤੇ ਉੱਤਰ ਆਏ। ਮਹਿਲ ਕਲਾਂ, ਸਹਿਜੜਾ ਤੇ ਵਜ਼ੀਦਕੇ ਕਲਾਂ ਵਿੱਚ ਰੋਸ ਪ੍ਰਦਰਸ਼ਨ ਦੌਰਾਨ ਬੀਕੇਯੂ (ਉਗਰਾਹਾਂ) ਦੇ ਆਗੂ ਕੁਲਜੀਤ ਵਜ਼ੀਦਕੇ, ਬੀਕੇਯੂ (ਡਕੌਂਦਾ) ਦੇ ਮਲਕੀਤ ਮਹਿਲ ਕਲਾਂ, ਬੀਕੇਯੂ (ਸਿੱਧੂਪੁਰ) ਦੇ ਕਰਨੈਲ ਸਿੰਘ ਗਾਂਧੀ, ਬੀਕੇਯੂ (ਲੱਖੋਵਾਲ) ਦੇ ਜਗਸੀਰ ਸਿੰਘ ਛੀਨੀਵਾਲ, ਪੰਜਾਬੀ ਏਕਤਾ ਪਾਰਟੀ ਦੇ ਕਰਮਜੀਤ ਸਿੰਘ ਉੱਪਲ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਆਗੂ ਅਮਰਜੀਤ ਕੁੱਕੂ ਨੇ ਕਿਹਾ ਕਿ ਅਤਿ ਦੀ ਗਰਮੀ ’ਚ ਬਿਜਲੀ ਨਾ ਆਉਣ ਕਾਰਨ ਝੋਨੇ ਦੀ ਫਸਲ ਬਰਬਾਦ ਹੋ ਰਹੀ ਹੈ। ਲੋਕਾਂ ਦੇ ਕੰਮ ਧੰਦੇ ਬੰਦ ਪਏ ਹਨ। ਜਿਊਣਾ ਦੁੱਭਰ ਹੋਇਆ ਪਿਆ ਹੈ। ਨਿਰਵਿਘਨ ਬਿਜਲੀ ਸਪਲਾਈ ਦੇਣਾ ਬਿਜਲੀ ਮੁਲਾਜ਼ਮਾਂ ਦਾ ਫਰਜ਼ ਹੈ। ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਕਿ ਉਦੋਂ ਤੱਕ ਚੱਕਾ ਜਾਮ ਕਰਕੇ ਸੰਘਰਸ਼ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਮਹਿਕਮੇ ਵੱਲੋਂ ਬੰਦ ਕੀਤੀ ਬਿਜਲੀ ਚਾਲੂ ਨਹੀਂ ਕੀਤੀ ਜਾਂਦੀ। ਧਰਨਾਕਾਰੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਬੰਦ ਪਈ ਬਿਜਲੀ ਸਪਲਾਈ ਤੁਰੰਤ ਚਾਲੂ ਕੀਤੀ ਜਾਵੇ। ਬਿਜਲੀ ਮੁਲਾਜ਼ਮਾਂ ਦਾ ਧਰਨਾ ਲੱਗਿਆ ਹੋਣ ਕਾਰਨ ਅੱਜ ਮੁਲਾਜ਼ਮ ਗਰਿੱਡਾਂ ’ਚ ਮੌਜੂਦ ਨਹੀਂ ਸਨ ਤੇ ਬੰਦ ਪਈ ਬਿਜਲੀ ਸਪਲਾਈ ਸਬੰਧੀ ਬਿਜਲੀ ਮੁਲਾਜ਼ਮਾਂ ਨੇ ਕਿਹਾ ਕਿ ਅੱਜ ਸਵੇਰੇ ਆਈ ਹਨੇਰੀ ਕਾਰਨ ਬਿਜਲੀ ਲਾਈਨਾਂ ‘ਚ ਨੁਕਸ ਪੈ ਗਿਆ ਅਤੇ ਸਮੂਹ ਮੁਲਾਜ਼ਮ ਧਰਨੇ ਉੱਤੇ ਹੋਣ ਕਾਰਨ ਬਿਜਲੀ ਚਾਲੂ ਨਹੀਂ ਹੋ ਸਕਦੀ।
INDIA ਬਿਜਲੀ ਬੰਦ ਹੋਣ ਵਿਰੁੱਧ ਬਰਨਾਲਾ-ਲੁਧਿਆਣਾ ਮਾਰਗ ਜਾਮ