ਬਿਜਲੀ ਨਾ ਮਿਲਣ ਵਿਰੁੱਧ ਕਿਸਾਨਾਂ ਵੱਲੋਂ ਚੱਕਾ ਜਾਮ

ਖੇਤੀ ਸੈਕਟਰ ਲਈ ਕੈਪਟਨ ਸਰਕਾਰ ਵੱਲੋਂ ਅੱਠ ਘੰਟੇ ਬਿਜਲੀ ਦੇਣ ਦੇ ਦਾਅਵਿਆਂ ਦੀ ਉਸ ਵੇਲੇ ਫ਼ੂਕ ਨਿਕਲਦੀ ਨਜ਼ਰ ਆਈ ਜਦੋਂ ਬਿਜਲੀ ਸਪਲਾਈ ਨਾ ਮਿਲਣ ਤੇ ਅਧਿਕਾਰੀਆਂ ਦੀ ਬੇਰੁਖੀ ਵਿਰੁੱਧ ਅੱਜ ਰੋਹ ਵਿਚ ਆਏ ਕਿਸਾਨਾਂ ਨੇ ਬਿਜਲੀ ਗਰਿੱਡ ਅੱਗੇ ਮੋਗਾ-ਕੋਟਕਪੂਰਾ ਮਾਰਗ ’ਤੇ ਚੱਕਾ ਜਾਮ ਕਰ ਦਿੱਤਾ। ਪਾਵਰਕੌਮ ਜੂਨੀਅਰ ਇੰਜਨੀਅਰ ਗੁਰਮੇਲ ਸਿੰਘ ਨੇ ਦਾਅਵਾ ਕੀਤਾ ਕਿ ਫੀਡਰ ’ਚ ਫਾਲਟ ਪੈਣ ਕਾਰਨ ਇਹ ਸਮੱਸਿਆ ਆਈ ਹੈ।
ਇਸ ਮੌਕੇ ਪਿੰਡ ਬੁੱਧ ਵਾਲਾ, ਕੋਟਲਾ ਮਿਹਰ ਸਿੰਘ ਵਾਲਾ ਅਤੇ ਰਾਜੇਆਣਾ ਦੇ ਕਿਸਾਨਾਂ ਨੇ ਦੱਸਿਆ ਕਿ ਖੇਤੀ ਲਈ ਸਰਕਾਰ ਦੇ ਐਲਾਨ ਮੁਤਾਬਕ 8 ਘੰਟੇ ਰੋਜ਼ਾਨਾ ਬਿਜਲੀ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਉਹ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਲਈ 8 ਘੰਟੇ ਲਗਾਤਾਰ ਬਿਜਲੀ ਦਿੱਤੀ ਜਾਵੇਗੀ, ਪਰ ਹੁਣ ਝੋਨੇ ਦੀ ਫ਼ਸਲ ਲਈ ਪਾਣੀ ਦੀ ਬਹੁਤ ਜ਼ਰੂਰਤ ਹੈ, ਪਰ 8 ਘੰਟੇ ਬਿਜਲੀ ਸਪਲਾਈ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਬਹੁਤ ਵਾਰ ਅਧਿਕਾਰੀਆਂ ਨੂੰ ਵੀ ਕਿਹਾ ਪਰ ਬਿਜਲੀ ਸਪਲਾਈ ਪੂਰੀ ਨਹੀਂ ਦਿੱਤੀ ਗਈ ਤਾਂ ਉਨ੍ਹਾਂ ਨੂੰ ਅੱਕ ਕੇ ਗਰਿੱਡ ਅੱਗੇ ਧਰਨਾ ਤੇ ਚੱਕਾ ਜਾਮ ਕਰਨ ਲਈ ਮਜਬੂਰ ਹੋਣਾ ਪਿਆ। ਦੂਜੇ ਪਾਸੇ ਪਾਵਰਕੌਮ ਚੇਅਰਮੈਨ ਇੰਜ. ਬਲਦੇਵ ਸਿੰਘ ਸਰਾਂ ਦੀਆਂ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਤਕਨੀਕੀ ਸਟਾਫ਼ ਨੂੰ 24 ਘੰਟੇ ਡਿਊਟੀ ’ਤੇ ਹਾਜ਼ਰ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਹਨ। ਇਸ ਤੋਂ ਇਲਾਵਾ ਸਾਰੇ ਕਰਮਚਾਰੀ ਅਤੇ ਅਧਿਕਾਰੀਆਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਹੈੱਡ ਕੁਆਟਰ ’ਤੇ ਹਾਜ਼ਰ ਰਹਿਣ ਲਈ ਦਿਸ਼ਾ ਨਿਰਦੇਸ਼ ਜ਼ਾਰੀ ਕੀਤੇ ਗਏ ਹਨ ਅਤੇ ਖਪਤਕਾਰਾਂ ਦੀਆਂ ਬਿਜਲੀ ਸਪਲਾਈ ਬਾਰੇ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਜ਼ੋਨਲ ਪੱਧਰ ’ਤੇ ਕੰਟਰੋਲ ਰੂਮ ਤੇ ਇੱਕ ਕੰਟਰੋਲ ਰੂਮ ਹੈੱਡ ਆਫਿਸ ਪਟਿਆਲਾ ਵਿੱਚ ਸਥਾਪਿਤ ਕੀਤਾ ਗਿਆ ਹੈ।

Previous articleਪਹਿਲੂ ਖ਼ਾਨ ਦੇ ਪੁੱਤਰਾਂ ਸਣੇ ਤਿੰਨ ਖ਼ਿਲਾਫ਼ ਚਾਰਜਸ਼ੀਟ
Next articleਜ਼ਖ਼ਮੀ ਕੈਦੀ ਦੀ ਨਿਗਰਾਨੀ ਲਈ 40 ਪੁਲੀਸ ਮੁਲਾਜ਼ਮ ਤਾਇਨਾਤ