ਬਿਆਸ ਦੇ ਸੇਕਰਡ ਹਾਰਟ ਸਕੂਲ ਵਿਚ ਇਕ ਅੱਠ ਸਾਲਾ ਬੱਚੀ ਨਾਲ ਬਲਾਤਕਾਰ ਦੀ ਘਟਨਾ ਵਾਪਰਨ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਵੱਲੋਂ ਕਾਰਵਾਈ ’ਚ ਕੀਤੀ ਜਾ ਰਹੀ ਦੇਰੀ ਦੇ ਰੋਸ ਵਜੋਂ ਬੱਚਿਆਂ ਦੇ ਮਾਪਿਆਂ ਸਮੇਤ ਸੈਂਕੜਿਆਂ ਦੀ ਗਿਣਤੀ ਵਿੱਚ ਲੋਕਾਂ ਵੱਲੋਂ ਅੱਜ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਸਵੇਰੇ 10.30 ਤੋਂ ਸ਼ਾਮ ਸਾਢੇ ਪੰਜ ਵਜੇ ਤੱਕ ਜਾਮ ਲਾ ਕੇ ਪੁਲੀਸ ਪ੍ਰਸ਼ਾਸਨ ਤੇ ਸਕੂਲ ਪ੍ਰਬੰਧਕਾਂ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਵਿਕਰਮਜੀਤ ਦੁੱਗਲ ਵੱਲੋਂ ਮਾਪਿਆਂ ਨੂੰ ਵਿਸ਼ਵਾਸ ਦਿਵਾਉਣ ’ਤੇ 7 ਘੰਟੇ ਬਾਅਦ ਨੈਸ਼ਨਲ ਹਾਈਵੇ ਖੋਲ੍ਹਿਆ ਗਿਆ ਪਰ ਸਕੂਲ ਮੂਹਰੇ ਧਰਨਾ ਜਾਰੀ ਰੱਖਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਵੱਲੋਂ ਅੱਜ ਵੱਡੀ ਗਿਣਤੀ ਵਿੱਚ ਸਕੂਲ ਪੁੱਜ ਕੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਸੀ ਪਰ ਸਕੂਲ ਵਿੱਚ ਪੁੱਜੇ ਡੀਐੱਸਪੀ ਬਾਬਾ ਬਕਾਲਾ ਨੇ ਸਕੂਲ ਪ੍ਰਬੰਧਕਾਂ ਵਿਰੁੱਧ ਕੋਈ ਕਾਰਵਾਈ ਕਰਨ ਦੀ ਥਾਂ ਕਥਿਤ ਤੌਰ ’ਤੇ ਬੱਚਿਆਂ ਦੇ ਮਾਪਿਆਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਭੜਕੇ ਮਾਪਿਆਂ ਨੇ ਅੱਜ 10-30 ਵਜੇ ਸਕੂਲ ਗੇਟ ਦੇ ਬਾਹਰ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਧਰਨਾ ਦੇ ਦਿੱਤਾ। ਪੁਲੀਸ ਵੱਲੋਂ ਪੁੱਜੀ ਐੱਸਪੀ ਅਮਨਦੀਪ ਕੌਰ ਦੀ ਕੋਸ਼ਿਸ਼ ਸਦਕਾ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਪ੍ਰਬੰਧਕਾਂ ਨਾਲ ਗੱਲਬਾਤ ਲਈ ਬੁਲਾਇਆ ਗਿਆ ਪਰ ਸਕੂਲ ਵੱਲੋਂ ਕੋਈ ਵੀ ਪ੍ਰਬੰਧਕ ਨਾ ਪੁੱਜਣ ਅਤੇ ਮੀਡੀਆ ਨੂੰ ਦੂਰ ਰੱਖਣ ਕਾਰਨ ਮੀਟਿੰਗ ਬੇਸਿੱਟਾ ਨਿਕਲੀ। ਦੂਜੀ ਵਾਰ ਮੀਡੀਆ ਦੀ ਹਾਜ਼ਰੀ ’ਚ ਦੁਬਾਰਾ ਮਾਪਿਆਂ ਦੇ 20 ਮੈਂਬਰੀ ਵਫ਼ਦ ਦੀ ਅਗਵਾਈ ਹੇਠ ਮੀਟਿੰਗ ਕਾਰਵਾਈ ਗਈ ਜਿਸ ਵਿੱਚ ਸਕੂਲ ਪ੍ਰਬੰਧਕਾਂ ਤੇ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ’ਤੇ ਅੜੇ ਰਹਿਣ ਕਾਰਨ ਦੁਬਾਰਾ ਮੀਟਿੰਗ ਬੇਸਿੱਟਾ ਰਹੀ। ਅਖੀਰ ਵਿੱਚ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਵਿਕਰਮਜੀਤ ਦੁੱਗਲ ਨਾਲ ਹੋਈ ਮੀਟਿੰਗ ’ਚ ਸਕੂਲ ਪ੍ਰਬੰਧਕਾਂ ਉੱਪਰ ਇਕ ਹਫ਼ਤੇ ’ਚ ਜਾਂਚ ਕਰਕੇ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤੇ ਜਾਣ ਮਗਰੋਂ ਧਰਨਾਕਾਰੀਆਂ ਨੇ ਕਰੀਬ 7 ਘੰਟੇ ਬਾਅਦ ਨੈਸ਼ਨਲ ਹਾਈਵੇਅ ਖੋਲ੍ਹ ਦਿੱਤਾ ਸੀ। ਐੱਸਐੱਸਪੀ ਦੁੱਗਲ ਵੱਲੋਂ ਇਕ ਜਾਂਚ ਟੀਮ ਐੱਸਪੀ ਅਮਨਦੀਪ ਕੌਰ ਦੀ ਅਗਵਾਈ ਹੇਠ ਬਣਾ ਕੇ ਰਿਪੋਰਟ ਇਕ ਹਫ਼ਤੇ ਵਿੱਚ ਦੇਣ ਲਈ ਕਿਹਾ ਗਿਆ ਹੈ। ਮਾਪਿਆਂ ਨੇ ਸਕੂਲ ਪ੍ਰਬੰਧਕਾਂ ਵਿਰੁੱਧ ਮੁਕੱਦਮਾ ਦਰਜ ਕਰਕੇ ਕਾਰਵਾਈ ਨਾ ਕੀਤੇ ਜਾਣ ਤੱਕ ਸਕੂਲ ਦੇ ਗੇਟ ਅੱਗੇ ਧਰਨਾ ਸ਼ੁਰੂ ਕਰ ਦਿੱਤਾ ਹੈ।
INDIA ਬਿਆਸ ਜਬਰ ਜਨਾਹ ਕਾਂਡ: ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਕੌਮੀ ਮਾਰਗ ਜਾਮ