(ਸਮਾਜ ਵੀਕਲੀ)
ਇਕ ਕਿਸਾਨ ਨੇ ਸ਼ੌਂਕੀਆ ਤੌਰ ਤੇ ਬਾਜ਼ ਤੇ ਮੁਰਗਾ ਰੱਖੇ ਹੋਏ ਸਨ ਤੇ ਦੋਹਾਂ ਨੂੰ ਬਹਤ ਪਿਆਰ ਕਰਦਾ ਸੀ ।ਜਦੋਂ ਕਿਸਾਨ ਦੋਹਾਂ ਨੂੰ ਆਪਣੇ ਕੋਲ ਬੁਲਾਉਂਦਾ ਤਾਂ ਬਾਜ਼ ਤਾਂ ਝੱਟ ਦੇਣੀ ਉੱਡਕੇ ਕਿਸਨ ਦੇ ਮੌਢਿਆਂ ‘ਤੇ ਜਾ ਬੈਠਦਾ, ਪਰ ਮੁਰਗਾ ਦੂਰੋਂ ਹੀ ਕੁੜ ਕੁੜ ਦੀਆਂ ਅਵਾਜ਼ਾਂ ਕੱਢਕੇ ਕਿਸਾਨ ਪ੍ਰਤੀ ਆਪਣਾ ਪਿਅਾਰ ਤਾਂ ਜਿਤਾਉਂਦਾ ਰਹਿੰਦਾ, ਪਰ ਬਾਜ ਵਾਂਗ ਕਿਸਾਨ ਦੇ ਨੇੜੇ ਜਾਣ ਦੀ ਫੁਰਤੀ ਕਦੇ ਵੀ ਨਾ ਦਿਖਾਉਂਦਾ । ਮੁਰਗੇ ਦਾ ਕਿਸਾਨ ਤੋਂ ਇਸ ਤਰਾਂ ਦੂਰੀ ਬਣਾਈ ਰੱਖਣਾ ਬਾਜ਼ ਨੂੰ ਬਿਲਕੁਲ ਵੀ ਚੰਗਾ ਨਾ ਲਗਦਾ ।
ਇਕ ਦਿਨ ਬਾਜ਼ ਤੇ ਮੁਰਗਾ ਦੋਵੇਂ ਇਕਾਂਤ ਚ ਇਕੱਠੇ ਬੈਠੇ ਸਨ ਕਿ ਬਾਜ਼ ਨੇ ਗੱਲ ਛੇੜਦਿਆਂ ਮੁਰਗੇ ਨੂੰ ਪੁੱਛ ਹੀ ਲਿਆ ਕਿ ਜਦ ਕਿਸਾਨ ਆਪਾਂ ਦੋਹਾਂ ਨਾਲ ਏਨਾ ਪਿਆਰ ਕਰਦਾ ਹੈ, ਦਾਣਾ ਦੁਣਕਾ ਪਾਉਣ ਵੇਲੇ ਕਦੇ ਵੀ ਕਿਸੇ ਤਰਾਂ ਦਾ ਕੋਈ ਵਿਤਕਰਾ ਨਹੀਂ ਕਰਦਾ ਤਾਂ ਫੇਰ ਫੁਰਸਤ ਦੇ ਪਲਾਂ ਚ ਪਿਆਰ ਦੁਲਾਰ ਕਰਨ ਵਾਸਤੇ ਜਦ ਉਹ ਅਵਾਜ਼ ਮਾਰਦਾ ਹੈ ਤਾਂ ਮੁਰਗਾ ਹਿਚਕਚਾਹਟ ਕਿਉਂ ਕਰਦੈ ? ਇਸ ਦੇ ਨਾਲ ਹੀ ਬਾਜ਼ ਨੇ ਆਪਣੀ ਨਰਾਜਗੀ ਜਿਤਾਉਂਦਿਆਂ ਕਿਹਾ ਕਿ ਮੁਰਗੇ ਦੀ ਇਹ ਹਰਕਤ ਉਸ ਨੂੰ ਬਿਲਕੁਲ ਵੀ ਚੰਗੀ ਨਹੀੰ ਲਗਦੀ ਤੇ ਕਿਸਾਨ ਨੂੰ ਵੀ ਚੰਗੀ ਨਹੀੰ ਲਗਦੀ ਹੋਵੇਗੀ । ਕਿਸਾਨ ਵੀ ਮੁਰਗੇ ਦੇ ਇਸ ਵਤੀਰੇ ਤੋਂ ਖੁਸ਼ ਨਹੀਂ ਹੁੰਦਾ ਹੋਵੇਗਾ ।
ਮੁਰਗੇ ਨੇ ਬਾਜ਼ ਦੀ ਸਾਰੀ ਗੱਲ ਧਿਆਨ ਨਾਲ ਸੁਣੀ ਤੇ ਬੜੀ ਗੰਭੀਰ ਮੁਦਰਾ ਚ ਬਾਜ਼ ਨੂੰ ਉੱਤਰ ਦਿੱਤਾ ਕਿ, “ਅੈਹ ਪਿਆਰੇ ਦੋਸਤ ! ਪਿਆਰ ਅਨਮੋਲ ਹੈ । ਕਿਹਦਾ ਦਿਲ ਕਰਦੇ ਕਿ ਜਿੰਦਗੀ ਚ ਪਿਆਰ ਵਾਲੇ ਪਲ ਅਜਾਈਂ ਗਵਾਏ ਜਾਣ ! ਪਰ ਕੋਈ ਵੀ ਸਮੱਸਿਆ ਕਈ ਵਾਰ ਏਨੀ ਸਰਲ ਨਹੀੰ ਹੁੰਦੀ ਜਿੰਨੀ ਕਈ ਵਾਰ ਕਿਆਸ ਲਈ ਜਾਂਦੀ ਹੈ ।
ਮੇਰੇ ਪਿਆਰੇ ਦੋਸਤ ! ਤੂੰ ਕਦੇ ਕਿਸਾਨ ਨੂੰ ਬਾਜ਼ ਭੁੰਨਕੇ ਖਾਂਦੇ ਨੂੰ ਨਹੀਂ ਦੇਖਿਆ, ਏਹੀ ਕਾਰਨ ਹੈ ਕਿ ਤੇਰੇ ਵਾਸਤੇ ਮੇਰੀ ਅਸਲ ਸਮੱਸਿਆ ਨੂੰ ਸਮਝਣਾ ਬਹੁਤ ਅੌਖਾ ਹੈ, ਪਰ ਮੈਂ ਤਾਂ ਬਹੁਤ ਸਾਰੇ ਕਿਸਾਨਾਂ ਨੂੰ ਨਿੱਤ ਹੀ ਮੇਰੇ ਪੂਰੇ ਕੁਨਬੇ ਨੂੰ ਭੁਨਕੇ ਖਾਂਦਿਆਂ ਦੇਖਦਾ ਹਾਂ । ਏਹੀ ਕਾਰਨ ਕਿ ਜਦੋਂ ਕਿਸਾਨ ਮੈਨੂੰ ਅਵਾਜ਼ ਮਾਰਦਾ ਹੈ ਤਾਂ ਹਰ ਵਾਰ ਇਸ ਤਰਾਂ ਲਗਦਾ ਹੈ ਕਿ ਜਿਵੇਂ ਮੇਰੀ ਮੌਤ ਮੈਨੂੰ ਅਵਾਜ਼ਾਂ ਮਾਰ ਰਹੀ ਹੋਵੇ ਤੇ ਜੇਕਰ ਮੈਂ ਬਚ ਜਾਂਦਾ ਹਾਂ ਤਾਂ ਪਰਵਰ ਦਿਗਾਰ ਦਾ ਸ਼ੁਕਰਾਨਾ ਕਰਦਾ ਹਾਂ ਕਿ ਕੁਝ ਪਲ ਜਿੰਦਗੀ ਦੇ ਹੋਰ ਮਿਲ ਗਏ ਹਨ ।”
ਜਿੰਦਗੀ ਤੇ ਪਿਆਰ ਅਨਮੋਲ ਹਨ । ਜੀਓੁ ਅਤੇ ਜੀਊਣ ਦਿਓ । ਕਿਸੇ ਦੇ ਵੀ ਦਿਲ ਵਿਚ ਡਰ ਦਾ ਅਹਿਸਾਸ ਪੈਦਾ ਨਾ ਕਰੋ ਕਿਉਂਕਿ ਜਾਨ ਸਭ ਦੀ ਇੱਕੋ ਜਿਹੀ ਹੈ ਤੇ ਜਿੰਦਗੀ ਨੂੰ ਜੀਊ ਭਰਕੇ ਜਿਊਣ ਦਾ ਦਿਲ ਹਰ ਇਕ ਦਾ ਕਰਦਾ ਹੈ ।
ਮਾਨਸਿਕ ਤੌਰ ਤੇ ਉਲਾਰਪਨ ਜਿੰਦਗੀ ਨੂੰ ਨਰਕ ਬਣਾ ਦੇਂਦਾ ਹੈ । ਇਸ ਤੋਂ ਆਪ ਵੀ ਬਚੋ ਤੇ ਦੂਸਰਿਆਂ ਨੂੰ ਵੀ ਬਚਾਓ । ਸਾਡੇ ਇਸ ਤਰਾਂ ਕਰਨ ਨਾਲ ਜਿੰਦਗੀ ਦੇ ਮਾਅਨੇ ਬਦਲ ਜਾਣਗੇ । ਜਿੰਦਗੀ ਹੋਰ ਸੁੰਦਰ ਬਣ ਜਾਏਗੀ । ਮੁਰਗ਼ੇ ਵਾਂਗ ਹਰ ਰੋਜ਼ ਡਰ ਡਰ ਕੇ ਮਰਨਾ ਜ਼ਿੰਦਗੀ ਨਹੀਂ ਹੁੰਦੀ, ਜਿਸ ਕਰਕੇ ਸਭਨਾ ਦੇ ਅੰਦਰੋਂ ਡਰ ਦੀ ਭਾਵਨਾ ਦਾ ਖ਼ਾਤਮਾ ਜ਼ਰੂਰੀ ਹੈ ।
ਅਗਲੀ ਗੱਲ ਇਹ ਕਿ ਕਿਸੇ ਵੀ ਸਮੱਸਿਆ ਦੀ ਤਹਿ ਤੱਕ ਜਾਓ, ਓਪਰੇ ਤੌਰ ਤੇ ਦੇਖਿਆਂ ਨਾ ਹੀ ਸਮੱਸਿਆ ਨੂੰ ਸਮਝਿਆ ਜਾ ਸਕਦੇ ਤੇ ਨਾ ਹੀ ਉਸ ਦਾ ਪੱਕਾ ਹੱਲ ਲੱਭਿਆ ਜਾ ਸਕਦਾ ਹੈ । ਕਈ ਸਮੱਸਿਆਵਾਂ ਬਹੁਤ ਸਰਲ ਹੁੰਦੀਆਂ ਹਨ, ਪਰ ਆਪਣੀ ਨਾ ਸਮਝੀ ਕਾਰਨ ਗੁੰਝਲਦਾਰ ਬਣਾ ਲਈਆਂ ਜਾਂਦੀਆਂ ਹਨ, ਪਰੰਤੂ ਕੁਝ ਕੁ ਸਮੱਸਿਆਵਾਂ ਦੇਖਣ ਨੂੰ ਜਿੰਨੀਆਂ ਸਰਲ ਤੇ ਸਪਾਟ ਲਗਦੀਆਂ ਹਨ, ਦਰਅਸਲ ਓਨੀਆਂ ਸਰਲ ਹੁੰਦੀਆਂ ਨਹੀਂ ।
ਬਾਜ ਤਾਕਤ ਦਾ ਪ੍ਰਤੀਕ ਹੈ, ਬੇਖੌਫ ਤੇ ਖੂੰਖਾਰ ਹੈ, ਜੰਗਜੂ ਹੈ ਤੇ ਮੌਤ ਨੂੰ ਚੁਨੌਤੀ ਦੇਣ ਦੀ ਤਾਕਤ ਰੱਖਦਾ ਹੈ ਜਦ ਕਿ ਦੂਸਰੇ ਪਾਸੇ ਮੁਰਗ਼ਾ ਵੀ ਬੇਸ਼ੱਕ ਇਕ ਤਾਕਤਵਰ ਜਾਨਵਰ ਹੈ, ਪਰ ਉਸ ਦੇ ਅੰਦਰ ਆਪਣੇ ਕੁਨਬੇ ਤੇ ਆਸ ਪਾਸ ਦੇ ਵਰਤਾਰੇ ਨੂੰ ਦੇਖ ਕੇ ਡਰ ਅਤੇ ਖ਼ੌਫ਼ ਦਾ ਆਤੰਕ ਹੈ ਜਿਸ ਕਰਕੇ ਉਹ ਪਿਆਰ, ਖ਼ੁਸ਼ੀ ਤੇ ਹੁਲਾਸ ਦੇ ਪਲ ਮਾਨਣ ਤੋਂ ਅਸਮਰਥ ਹੈ, ਪਰ ਸਮਝਣ ਵਾਲੀ ਗੱਲ ਇਹ ਹੈ ਕਿ ਤਕੜਾ ਹੋਵੇ ਜੀਂ ਮਾੜਾ ਜਾਨ, ਹਰ ਇਕ ਨੂੰ ਪਿਆਰੀ ਹੈ ਤੇ ਪਿਆਰ ਤੇ ਖ਼ੁਸ਼ੀ ਵੀ ਹਰ ਇਕ ਦੀ ਵੱਡੀ ਜ਼ਰੂਰਤ ਹੈ ।
ਮੁਕਦੀ ਗੱਲ ਇਹ ਕਿ ਜਦੋਂ ਕੋਈ ਵਿਅਕਤੀ ਦੂਸਰਿਆਂ ਦੀਆਂ ਭਾਵਨਾਵਾਂ ਸਮਝਣ ਚ ਸੰਜੀਦਾ ਹੋਏਗਾ ਉਦੋਂ ਉਸ ਨੂੰ ਜੀਊਣ ਦੀ ਜਾਚ ਵੀ ਆ ਜਾਏਗੀ ਤੇ ਦੂਸਰਿਆਂ ਦੀ ਕਦਰ ਕਰਨ ਦਾ ਬੱਲ ਵੀ ਅਾਪਣੇ ਆਪ ਹੀ ਆ ਜਾਏਗਾ ।ਬਾਜ ਤੇ ਮੁਰਗ਼ੇ ਵਾਂਗ ਇਕ ਦੂਸਰੇ ਦੀ ਦੋਸਤੀ ਦਾ ਹੋਣਾ ਤੇ ਪਾਲਕ ਵੱਲੋਂ ਦੋਹਾਂ ਨੂੰ ਬਰਾਬਰ ਦਾ ਪਿਆਰ ਦੇਣਾ ਵੱਡੀਆ ਗੱਲਾਂ ਹਨ, ਪਰ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਸਭਨਾ ਦੇ ਮਨਾਂ ਵਿੱਚੋਂ ਪਲ ਪਲ ਦੀ ਮੌਤ ਦਾ ਡਰ ਕੱਢਣਾ ਤੇ ਸਭਨਾ ਨੂੰ ਜੀਊਣ ਲਾਇਕ ਬਣਾਉਣਾ ਹੈ ।
ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ
10/08/2020