ਨਵੀਂ ਦਿੱਲੀ (ਸਮਾਜ ਵੀਕਲੀ) : ਦਿੱਲੀ ਵਿੱਚ ਕਰੋਨਾ ਦੀ ਰਫ਼ਤਾਰ ਥੰਮ ਨਹੀਂ ਰਹੀ ਤੇ ਦਿੱਲੀ ਦੇ ਲੋਕ ਵੀ ਹੁਣ ਜਿਵੇਂ ਕਰੋਨਾ ਤੋਂ ਖੌਫ਼ਜਦਾ ਨਹੀਂ ਹਨ। ਰਾਜਧਾਨੀ ਦੇ ਪੁਰਾਣੇ ਥੋਕ ਦੇ ਬਾਜ਼ਾਰ, ਸਦਰ ਬਜ਼ਾਰ ਤੇ ਚਾਂਦਨੀ ਚੌਕ ਵਿਖੇ ਲੋਕਾਂ ਦੀ ਭੀੜ ਦੇਖੀ ਗਈ ਜੋ ਕਰੋਨਾ ਦੌਰਾਨ ਲਾਗੂ ਕੀਤੇ ਗਏ ਸਮਾਜਿਕ ਦੂਰੀਆਂ ਦੇ ਨਿਯਮ ਦੀਆਂ ਧੱਜੀਆਂ ਉਡਾ ਰਹੀ ਸੀ। ਦੁਕਾਨਦਾਰਾਂ ਵੱਲੋਂ ਵਾਰ-ਵਾਰ ਭੀੜ ਨਾ ਕਰਨ ਦੇ ਆਖਣ ਦੇ ਬਾਵਜੂਦ ਗਾਹਕਾਂ ਦੀ ਭੀੜ ਥੋਕ ਦੀਆਂ ਦੁਕਾਨਾਂ ਉਪਰ ਭੀੜੀਆਂ ਗਲੀਆਂ ਵਿੱਚ ਦੇਖੀ ਗਈ। ਸਦਰ ਬਾਜ਼ਾਰ ਵਿੱਚ ਮਨਿਆਰੀ, ਪਲਾਸਟਿਕ, ਫੋਮ ਤੇ ਹੋਰ ਸਾਮਾਨ ਦੀਆਂ ਥੋਕ ਤੇ ਪ੍ਰਚੂਨ ਦੁਕਾਨਾਂ ਹਨ ਜਿੱਥੇ ਦਿੱਲੀ ਸਮੇਤ ਉੱਤਰੀ ਭਾਰਤ ਤੋਂ ਲੋਕ ਸਾਮਾਨ ਖਰੀਦਣ ਆਉਂਦੇ ਹਨ। ਹੁਣ ਕਰੋਨਾ ਕਾਰਨ ਚਾਹੇ ਬਾਹਰ ਤੋਂ ਗਾਹਕ ਘੱਟ ਹੀ ਆ ਰਹੇ ਹਨ ਪਰ ਦਿੱਲੀ ਤੋਂ ਰੋਜ਼ਾਨਾ ਹਜ਼ਾਰਾਂ ਗਾਹਕ ਪੁਰਾਣੀ ਦਿੱਲੀ ਦੇ ਭੀੜੇ ਇਲਾਕਿਆਂ ਵਿੱਚ ਦੇਖੇ ਜਾ ਸਕਦੇ ਹਨ। ਸਥਾਨਕ ਵਪਾਰੀ ਐਸੋਸੀਏਸ਼ਨ ਦੇ ਆਗੂ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਥੋਕ ਬਾਜ਼ਾਰਾਂ ਵਿੱਚ ਲੋਕ ਸਮਾਜਕ ਦੂਰੀਆਂ ਦੇ ਨੇਮ ਦੀ ਬਿਲਕੁਲ ਵੀ ਪਾਲਣਾ ਨਹੀਂ ਕਰ ਰਹੇ। ਇਸ ਤਰ੍ਹਾਂ ਇਹ ਜਾਨਲੇਵਾ ਸਾਬਤ ਹੋ ਸਕਦਾ ਹੈ। ਸ੍ਰੀ ਪੰਮਾ ਮੁਤਾਬਕ ਤਿਓਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਕਰਕੇ ਭੀੜ ਵਧਣ ਲੱਗੀ ਹੈ।